ਢਾਕਾ, 28 ਜੂਨ
ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਹੋਏ ਇਕ ਜ਼ੋਰਦਾਰ ਧਮਾਕੇ ’ਚ ਸੱਤ ਜਣੇ ਮਾਰੇ ਗਏ ਹਨ। ਧਮਾਕੇ ਵਿਚ ਇਕ ਪੁਰਾਣੀ ਤਿੰਨ ਮੰਜ਼ਿਲਾ ਇਮਾਰਤ ਢਹਿ-ਢੇਰੀ ਹੋ ਗਈ। ਇਸ ਘਟਨਾ ’ਚ ਸੈਂਕੜੇ ਫੱਟੜ ਵੀ ਹੋਏ ਹਨ। ਧਮਾਕਾ ਭੀੜ-ਭੜੱਕੇ ਵਾਲੇ ਇਲਾਕੇ ਵਿਚ ਹੋਇਆ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਧਮਾਕਾ ਖ਼ਰਾਬ ਗੈਸ ਲਾਈਨ ਜਾਂ ਗੈਸ ਸਿਲੰਡਰਾਂ ਕਾਰਨ ਹੋਇਆ ਹੋ ਸਕਦਾ ਹੈ। ਜ਼ਖ਼ਮੀ ਹੋਣ ਵਾਲਿਆਂ ਦੀ ਗਿਣਤੀ 400 ਦੇ ਕਰੀਬ ਦੱਸੀ ਗਈ ਹੈ। ਪੁਲੀਸ ਨੇ ਧਮਾਕੇ ਪਿੱਛੇ ਕਿਸੇ ਗੜਬੜੀ ਤੋਂ ਇਨਕਾਰ ਕੀਤਾ ਹੈ। ਧਮਾਕਾ ਐਤਵਾਰ ਨੂੰ ਸ਼ਾਮ ਕਰੀਬ 7.30 ਵਜੇ ਮੋਗ਼ਬਾਜ਼ਾਰ ਇਲਾਕੇ ਵਿਚ ਹੋਇਆ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਧਮਾਕਾ ‘ਗੈਸ ਇਕੱਠੀ’ ਹੋਣ ਕਾਰਨ ਹੋਇਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹੜੀ ਇਮਾਰਤ ਡਿਗੀ ਹੈ, ਧਮਾਕੇ ਦਾ ਕੇਂਦਰ ਉਹੀ ਸੀ। ਇਸ ਇਮਾਰਤ ਵਿਚ ਇਕ ਰੈਸਤਰਾਂ ਹੈ ਤੇ ਇਸ ਵੱਲੋਂ ਖਰਾਬ ਗੈਸ ਲਾਈਨ ਜਾਂ ਗੈਸ ਸਿਲੰਡਰ ਵਰਤਿਆ ਗਿਆ ਹੋ ਸਕਦਾ ਹੈ ਜਿਸ ਕਾਰਨ ਧਮਾਕਾ ਹੋਇਆ। ਧਮਾਕਾ ਐਨਾ ਜ਼ੋਰਦਾਰ ਸੀ ਕਿ ਆਲੇ-ਦੁਆਲੇ ਦੀਆਂ ਕਰੀਬ ਦਰਜਨ ਇਮਾਰਤਾਂ ਦੇ ਸ਼ੀਸ਼ੇ ਟੁੱਟ ਗਏ। ਧਮਾਕੇ ਨਾਲ ਦੋ ਯਾਤਰੀ ਬੱਸਾਂ ਨੂੰ ਵੀ ਨੁਕਸਾਨ ਪੁੱਜਾ।
ਜ਼ਖ਼ਮੀਆਂ ਵਿਚ 50 ਜਣੇ ਗੰਭੀਰ ਫੱਟੜ ਹਨ। ਢਾਕਾ ਪੁਲੀਸ ਦੇ ਕਮਿਸ਼ਨਰ ਸ਼ਫ਼ੀਕੁਲ ਇਸਲਾਮ ਮੁਤਾਬਕ ਗੰਭੀਰ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਿਆਦਾਤਰ ਜ਼ਖ਼ਮੀਆਂ ਦੇ ਸਿਰ ਅਤੇ ਸਰੀਰ ਉਤੇ ਕੱਟ ਲੱਗੇ ਹਨ। ਇਹ ਸ਼ੀਸ਼ਾ ਟੁੱਟਣ ਕਾਰਨ ਲੱਗੇ ਹਨ। -ਪੀਟੀਆਈ