ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 23 ਸਤੰਬਰ
ਦਿੱਲੀ ਦੇ ਇੱਕ ਰੇਸਤਰਾਂ ਵੱਲੋਂ ਇੱਕ ਔਰਤ ਨੂੰ ਸਾੜੀ ਪਾ ਕੇ ਅੰਦਰ ਨਾ ਆਉਣ ਦੇਣ ਦੇ ਮਾਮਲੇ ਸਬੰਧੀ ਭਾਜਪਾ ਦੀ ਅਖ਼ਿਲ਼ ਭਾਰਤੀ ਵਿਦਿਆਰਥੀ ਪਰਿਸ਼ਦ ਜਥੇਬੰਦੀ ਨੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਇਸ ਤਰ੍ਹਾਂ ਦੇ ਤੁਗ਼ਲਕੀ ਫੁਰਮਾਨ ਦੇਣ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਆਉਣ ਦੀ ਮੰਗ ਵੀ ਕੀਤੀ ਹੈ। ਪ੍ਰਦਰਸ਼ਨਕਾਰੀਆਂ ਨੇ ਆਂਸਲ ਪਲਾਜ਼ਾ ਕੋਲ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਇਹ ਫੁਰਮਾਨ ਭਾਰਤੀ ਸੱਭਿਆਚਾਰ ਉਪਰ ਹਮਲਾ ਹੈ। ਇਸੇ ਦੌਰਾਨ ਕੌਮੀ ਮਹਿਲਾ ਕਮਿਸ਼ਨ ਵੱਲੋਂ ਦਿੱਲੀ ਪੁਲੀਸ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਜਾਂਚ ਕਰਨ ਲਈ ਕਿਹਾ ਹੈ ਤੇ ਇਹ ਘਟਨਾ ਸੱਚ ਪਾਈ ਜਾਂਦੀ ਹੈ ਤਾਂ ਰੇਸਤਰਾਂ ਖ਼ਿਲਾਫ਼ ਕਾਰਵਾਈ ਦੀ ਤਵੱਕੋਂ ਕੀਤੀ ਹੈ।
ਕੌਮੀ ਮਹਿਲਾ ਕਮਿਸ਼ਨਰ ਰੇਖਾ ਸ਼ਰਮਾ ਨੇ ਦੱਸਿਆ ਕਿ ਉਸਨੇ ਦਿੱਲੀ ਦੇ ਪੁਲੀਸ ਕਮਿਸ਼ਨਰ ਨੂੰ ਨਿਰਦੇਸ਼ ਦਿੱਤਾ ਹੈ ਕਿ ਸ਼ਹਿਰ ਦੇ ਇੱਕ ਰੇਸਤਰਾਂ ਵਿੱਚ ਮਹਿਲਾ ਦੇ ਦਾਖਲੇ ਤੋਂ ਇਸ ਲਈ ਇਨਕਾਰ ਕੀਤਾ ਕਿਉਂਕਿ ਉਸ ਨੇ ਸਾੜੀ ਪਾਈ ਹੋਈ ਸੀ ਤਾਂ ਜੇ ਇਹ ਸੱਚ ਸਾਬਤ ਹੋਈ ਤਾਂ ਰੇਸਤਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਮਹਿਲਾ ਸੰਗਠਨ ਨੇ ਕਿਹਾ ਕਿ ਉਹ ਸਟਾਫ ਦੇ ‘ਮਨਮਾਨੇ ਤੇ ਅਜੀਬ’ ਵਿਵਹਾਰ ਦੇ ਨਾਲ ਨਾਲ ਰੇਸਤਰਾਂ ਦੀਆਂ ਨੀਤੀਆਂ ਦੀ ਨਿੰਦਾ ਕਰਦੀ ਹੈ। ਰਿਪੋਰਟ ਅਨੁਸਾਰ ਮਹਿਮਾਨਾਂ ਲਈ ਰੇਸਤਰਾਂ ਦੀ ਡਰੈਸ ਕੋਡ ਨੀਤੀ ਸਿਰਫ ‘ਸਮਾਰਟ ਕੈਜ਼ੁਅਲਜ਼’ ਦੀ ਇਜਾਜ਼ਤ ਦਿੰਦੀ ਹੈ ਤੇ ਸਾੜੀ ‘ਸਮਾਰਟ ਕੈਜ਼ੁਅਲਸ’ ਦੇ ਅਧੀਨ ਨਹੀਂ ਆਉਂਦੀ ਹਾਲਾਂਕਿ ਇਹ ਭਾਰਤੀ ਸੰਸਕ੍ਰਿਤੀ ਦਾ ਹਿੱਸਾ ਹੈ। ਭਾਰਤ ਵਿੱਚ ਔਰਤਾਂ ਮੁੱਖ ਤੌਰ ’ਤੇ ਸਾੜੀ ਪਹਿਨਦੀਆਂ ਹਨ, ਇਸ ਲਈ ਕਿਸੇ ਵੀ ਔਰਤ ਨੂੰ ਉਸਦੇ ਪਹਿਰਾਵੇ ਦੇ ਆਧਾਰ ’ਤੇ ਕਿਸੇ ਰੇਸਤਰਾਂ ਵਿੱਚ ਦਾਖਲ ਹੋਣ ਤੋਂ ਇਨਕਾਰ ਕਰਨਾ ਉਸਦੇ ਸਨਮਾਨ ਨਾਲ ਰਹਿਣ ਦੇ ਅਧਿਕਾਰ ਦੀ ਉਲੰਘਣਾ ਹੈ।
ਇਹ ਵਿਵਾਦ ਦੱਖਣੀ ਦਿੱਲੀ ਵਿੱਚ ਸਥਿਤ ਅਕੁਇਲਾ ਰੇਸਤਰਾਂ ਦੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ 10 ਸਕਿੰਟ ਦੀ ਇੱਕ ਕਲਿੱਪ ਨਾਲ ਸਬੰਧਤ ਹੈ, ਜਿਸ ਵਿੱਚ ਉਸਦੇ ਸਟਾਫ ਤੇ ਔਰਤ ਦੇ ਵਿੱਚ ਝਗੜਾ ਦਿਖਾਇਆ ਗਿਆ। ਇਸ ’ਚ ਮਹਿਲਾ ਨੇ ਦੋਸ਼ ਲਗਾਇਆ ਕਿ ਉਸਨੂੰ ਸਿਰਫ ਇਸ ਲਈ ਅੰਦਰ ਜਾਣ ਤੋਂ ਰੋਕਿਆ ਗਿਆ ਕਿਉਂਕਿ ਉਸ ਨੇ ਸਾੜੀ ਪਹਿਨੀ ਹੋਈ ਸੀ। ਬਚਾਅ ਵਿੱਚ ਰੇਸਤਰਾਂ ਨੇ ਗਾਹਕ ’ਤੇ ਸਟਾਫ ਨਾਲ ਲੜਨ ਤੇ ਦੁਰਵਿਵਹਾਰ ਕਰਨ ਦਾ ਦੋਸ਼ ਲਗਾਇਆ। ਰੇਸਤਰਾਂ ਪ੍ਰਬੰਧਕਾਂ ਨੇ ਕਿਹਾ ਕਿ ਇਸ ਨੇ ਆਧੁਨਿਕ ਤੋਂ ਲੈ ਕੇ ਰਵਾਇਤੀ ਤੱਕ ਦੇ ਸਾਰੇ ਡਰੈਸ ਕੋਡ ਵਿੱਚ ਮਹਿਮਾਨਾਂ ਦਾ ਸਵਾਗਤ ਕੀਤਾ ਹੈ। ਇਹ ਘਟਨਾ 19 ਸਤੰਬਰ ਦੀ ਹੈ।