ਆਤਿਸ਼ ਗੁਪਤਾ
ਚੰਡੀਗੜ੍ਹ, 28 ਜੂਨ
ਇੱਥੋਂ ਦੇ ਸੈਕਟਰ-38 ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਯੂਪੀਐੱਸਸੀ ਦੀ ਤਿਆਰੀ ਕਰ ਰਹੇ ਇੱਕ 22 ਸਾਲਾਂ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਵਿਕਰਾਂਤ ਸ਼ਰਮਾ ਵਾਸੀ ਸ਼ਿਮਲਾ ਵਜੋਂ ਹੋਈ ਹੈ। ਵਿਕਰਾਂਤ ਸ਼ਰਮਾ ਤਿੰਨ ਮਹੀਨੇ ਪਹਿਲਾਂ ਚੰਡੀਗੜ੍ਹ ਰਹਿਣ ਆਇਆ ਸੀ। ਪੁਲੀਸ ਵੱਲੋਂ ਉਸ ਨੂੰ ਸੈਕਟਰ-16 ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁੱਢਲੀ ਜਾਂਚ ਵਿੱਚ ਵਿਕਰਾਂਤ ਦੇ ਕਮਰੇ ਵਿੱਚੋਂ ਖ਼ੁਦਕੁਸ਼ੀ ਪੱਤਰ ਮਿਲਿਆ ਹੈ ਜਿਸ ਵਿੱਚ ਉਸ ਨੇ ਲਿਖਿਆ ਕਿ ਉਹ ਪ੍ਰੇਸ਼ਾਨ ਚੱਲ ਰਿਹਾ ਹੈ ਅਤੇ ਆਪਣੀ ਮਰਜ਼ੀ ਨਾਲ ਖ਼ੁਦਕੁਸ਼ੀ ਕਰ ਰਿਹਾ ਹੈ। ਦੂਜੇ ਪਾਸੇ ਉਸ ਨੇ ਆਪਣੇ ਮੋਬਾਈਲ ਵਿੱਚੋਂ ਸਭ ਕੁਝ ਡਿਲੀਟ ਕਰ ਦਿੱਤਾ। ਪੁਲੀਸ ਨੇ ਮੋਬਾਈਲ ਲੈ ਕੇ ਸੀਐੱਫਐੱਸਐਲ ਲੈੱਬ ਵਿੱਚ ਜਾਂਚ ਲਈ ਭੇਜ ਦਿੱਤਾ ਹੈ। ਸਿਹਤ ਵਿਭਾਗ ਵੱਲੋਂ ਕਰੋਨਾ ਜਾਂਚ ਤੋਂ ਬਾਅਦ ਪੋਸਟਮਾਰਟਮ ਕੀਤਾ ਜਾਵੇਗਾ। ਚੰਡੀਗੜ੍ਹ ਪੁਲੀਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਖ਼ੁਦਕੁਸ਼ੀ ਪੱਤਰ ਵਿੱਚ ਵਿਕਰਾਂਤ ਦੀ ਲਿਖਾਈ ਦੀ ਸ਼ਨਾਖਤ ਉਸ ਦੇ ਪਿਤਾ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਅਤੇ ਮੋਬਾਈਲ ਸਬੰਧੀ ਰਿਪੋਰਟ ਆਉਣ ਮਗਰੋਂ ਕਾਰਵਾਈ ਕੀਤੀ ਜਾਵੇਗੀ।