ਭਗਵਾਨ ਦਾਸ ਸੰਦਲ
ਦਸੂਹਾ, 29 ਜੁਲਾਈ
ਇਥੇ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦਸੂਹਾ ਵੱਲੋਂ ਛੇਵੇਂ ਤਨਖ਼ਾਹ ਕਮਿਸ਼ਨ ਰਿਪੋਰਟ ਖ਼ਿਲਾਫ਼ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨਾ ਮੰਨਣ ਵਿਰੁੱਧ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਇਕੱਤਰ ਪੈਨਸ਼ਨਰਾਂ ਨੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਦਰਜ ਕਰਵਾਇਆ। ਜਥੇਬੰਦੀ ਦੇ ਆਗੂ ਕੇਸਰ ਸਿੰਘ ਬੰਸੀਆ, ਦਲਵੀਰ ਸਿੰਘ ਭੁਲਰ ਅਤੇ ਮਨਜੀਤ ਸਿੰਘ ਕੁਠਾਣਾ ਨੇ ਕਿਹਾ ਕਿ ਪੰਜਾਬ-ਯੂਟੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਕਰੀਬ ਡੇਢ ਸਾਲ ਤੋਂ ਹੱਕੀ ਮੰਗਾਂ ਲਈ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਿਆ ਹੋਇਆ ਹੈ ਪਰ ਸਰਕਾਰ ਦੀ ਇਸ ਸਬੰਧੀ ਅਖਤਿਆਰ ਤਾਨਾਸ਼ਾਹੀ, ਤਸ਼ੱਦਦ ਅਤੇ ਲਾਰਾ ਲੱਪਾ ਵਾਲੀ ਨੀਤੀ ਬਰਦਾਸ਼ਤ ਤੋਂ ਬਾਹਰ ਹੈ। ਪ੍ਰਦਰਸ਼ਨ ਮਗਰੋਂ ਬਾਬਾ ਬਰਫਾਨੀ ਲੰਗਰ ਹਾਲ ਤੋਂ ਪਟਿਆਲਾ ’ਚ ਹੋਣ ਵਾਲੀ ਹੱਲਾ ਬੋਲ ਰੈਲੀ ਵਿੱਚ ਸ਼ਾਮਲ ਹੋਣ ਲਈ ਪੈਨਸ਼ਨਰਾਂ ਦਾ ਵੱਡਾ ਜੱਥਾ ਰਵਾਨਾ ਹੋਇਆ।
ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਸੀਡੀਪੀਓ ਡੈਮੋਕ੍ਰੈਟਿਕ ਐਸੋਸੀਏਸ਼ਨ ਆਫ ਪੰਜਾਬ ਦੇ ਸੱਦੇ ’ਤੇ ਸਮਾਜਿਕ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਬਲਾਕ ਆਦਮਪੁਰ ਵੱਲੋਂ ਬਾਲ ਵਿਕਾਸ ਪ੍ਰਾਜੈਕਟ ਅਫਸਰ ਨਿਰਮਲ ਕੌਰ ਦੀ ਅਗਵਾਈ ਹੇਠ ਰੋਸ ਧਰਨਾ ਲਗਾਇਆ ਗਿਆ। ਇਸ ਮੌਕੇ ਸੀ.ਡੀ.ਪੀ.ਓ. ਆਦਮਪੁਰ ਵਲੋਂ ਛੇਵੇਂ ਤਨਖਾਹ ਕਮਿਸ਼ਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਤਨਖਾਹ ਕਮਿਸ਼ਨ ਦੇ 17ਵੇਂ ਲੈਵਲ ਅਨੁਸਾਰ ਤਨਖਾਹ ਫਿਕਸ ਕਰਨ ਅਤੇ ਲੈਵਲ 13 ਨੂੰ ਮੁੱਢੋ ਖਤਮ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਤਿੰਨ ਦਿਨ ਕਲਮਛੋੜ ਹੜਤਾਲ ਦੇ ਤੀਜੇ ਦਿਨ ਕੋਵਿਡ-19 ਨਾਲ ਸਬੰਧਤ ਡਿਊਟੀਆਂ ਅਤੇ ਐੱਸਐੱਨਪੀ ਦੇ ਕੰਮਾਂ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕੀਤਾ ਗਿਆ। ਇਸ ਮੌਕੇ ਦਫ਼ਤਰ ਦਾ ਸਾਰਾ ਸਟਾਫ ਮੌਜੂਦ ਸੀ।