ਪੱਤਰ ਪ੍ਰੇਰਕ
ਘਨੌਰ, 26 ਮਈ
ਪਿੰਡ ਲਾਛੜੂ ਕਲਾਂ ਦੀ ਜ਼ਮੀਨ ਵਿੱਚ ਖੜ੍ਹੇ ਸਫੈਦੇ ਵੱਢਣ ਦਾ ਮਾਮਲਾ ਡਿਪਟੀ ਕਮਿਸ਼ਨਰ ਪਟਿਆਲਾ ਕੋਲ ਪੁੱਜਣ ’ਤੇ ਪਿੰਡ ਦੀ ਪੰਚਾਇਤ ਨੇ ਸਫੈਦੇ ਵੱਢਣ ’ਤੇ ਰੋਕ ਲਾ ਦਿੱਤੀ। ਪਿੰਡ ਦੇ ਵਸਨੀਕ ਅਮਰਜੀਤ ਸਿੰਘ ਤੇ ਸੁੱਚਾ ਸਿੰਘ ਨੇ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਨੂੰ ਦਰਖਾਸਤ ਦਿੱਤੀ ਸੀ ਕਿ ਅਮਰ ਸਿੰਘ ਤੇ ਰੌਣਕ ਸਿੰਘ ਪਿੰਡ ਦੀ ਸ਼ਾਮਲਾਟ ਜ਼ਮੀਨ ਦੇ ਖਸਰਾ ਨੰਬਰ 433 ਵਿੱਚ ਖੜ੍ਹੇ ਸਫੈਦੇ ਪੰਚਾਇਤ ਨਾਲ ਮਿਲ ਕੇ ਕੱਟ ਰਹੇ ਹਨ। ਇਨ੍ਹਾਂ ਖ਼ਿਲਾਫ਼ ਕਾਰਵਾਈ ਅਮਲ ’ਚ ਲਿਆਂਦੀ ਜਾਵੇ। ਜਿਸ ’ਤੇ ਡੀ.ਸੀ ਪਟਿਆਲਾ ਵੱਲੋਂ ਬੀਡੀਪੀਓ ਘਨੌਰ ਨੂੰ ਕਾਰਵਾਈ ਲਈ ਲਿਖਿਆ ਗਿਆ ਤੇ ਬੀਡੀਪੀਓ ਨੇ ਪਿੰਡ ਦੀ ਪੰਚਾਇਤ ਤੇ ਸਬੰਧਤ ਪੰਚਾਇਤ ਸਕੱਤਰ ਨੂੰ ਦਰਖਾਸਤ ਭੇਜ ਕੇ ਸਫੈਦੇ ਵੱਢਣ ਖ਼ਿਲਾਫ਼ ਕਾਰਵਾਈ ਕਰਕੇ ਸੂਚਿਤ ਕਰਨ ਬਾਰੇ ਲਿਖਿਆ। ਇਸ ਸਬੰਧੀ ਸੰਪਰਕ ਕਰਨ ’ਤੇ ਸਬੰਧਤ ਧਿਰ ਅਮਰ ਸਿੰਘ ਦਾ ਕਹਿਣਾ ਹੈ ਕਿ ਇਹ ਸਫੈਦੇ ਉਨ੍ਹਾਂ ਦੀ ਤਿੰਨ ਰੂੜੀਆਂ ਵਿੱਚ ਉਨ੍ਹਾਂ ਦੇ ਬਜ਼ੁਰਗਾਂ ਵੱਲੋਂ ਲਾਏ ਗਏ ਸਨ। ਜਿਨ੍ਹਾਂ ਦੀ ਇੱਕ ਵਾਢ ਉਨ੍ਹਾਂ ਨੇ 15 ਸਾਲ ਪਹਿਲਾਂ ਵੱਢੀ ਸੀ। ਉਦੋਂ ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ ਪਰ ਹੁਣ ਅਮਰਜੀਤ ਸਿੰਘ ਬਗੈਰਾ ਇਸ ਦਾ ਬਿਨਾਂ ਵਜਾਹ ਵਿਰੋਧ ਕਰ ਰਹੇ ਹਨ। ਜਦੋਂਕਿ ਇਸ ਸਬੰਧੀ ਸੰਪਰਕ ਕਰਨ ’ਤੇ ਪਿੰਡ ਦੀ ਮਹਿਲਾ ਸਰਪੰਚ ਬਲਬੀਰ ਕੌਰ ਦੇ ਪਤੀ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉੱਚ ਅਧਿਕਾਰੀਆਂ ਦੀ ਹਦਾਇਤ ’ਤੇ ਅਮਰ ਸਿੰਘ ਨੂੰ ਲਿਖਤੀ ਸੂਚਨਾ ਦੇ ਕੇ ਸਫੈਦੇ ਵੱਢਣ ਤੋਂ ਰੋਕ ਦਿੱਤਾ ਹੈ।