ਗੁਰਦੀਪ ਸਿੰਘ ਲਾਲੀ
ਸੰਗਰੂਰ, 26 ਮਈ
ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਫੈਸਲੇ ਤਹਿਤਜਲ ਸਪਲਾਈ ਕਾਮਿਆਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਭਗਵੰਤ ਮਾਨ ਸਰਕਾਰ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ। ਇਸਤੋਂ ਪਹਿਲਾਂ ਮੁਜ਼ਾਹਰਾਕਾਰੀਆਂ ਵਲੋਂ ਡੀ.ਸੀ. ਦਫ਼ਤਰ ਤੱਕ ਰੋਸ ਮਾਰਚ ਕਰਦਿਆਂ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਆਗੂ ਨਿਰਮਲ ਸਿੰਘ ਅਤੇ ਮਦਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਲ ਸਪਲਾਈ ਵਿਭਾਗ ਦੇ ਇਨਲਿਸਟਮੈਂਟ/ਆਉਟਸੋਰਸ ਕਾਮਿਆਂ ਨੂੰ ਰੈਗੂਲਰ ਕਰਨ ਸਮੇਤ ਹੋਰਨਾਂ ਮੰਗਾਂ ਦੇ ਸਬੰਧ ਵਿਚ ਡਿਪਟੀ ਕਮਿਸਨਰ ਵਲੋਂ 10 ਮਈ ਨੂੰ ਲਿਖਤੀ ਪੱਤਰ ਜਾਰੀ ਕਰਕੇ ਯੂਨੀਅਨ ਦੀ 24 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਵਾਉਣ ਦਾ ਸਮਾਂ ਤੈਅ ਕਰਵਾਇਆ ਸੀ ਪਰ ਜਦੋਂ ਤੈਅ ਸਮੇਂ ਮੁਤਾਬਕ ਮੀਟਿੰਗ ਕਰਨ ਲਈ ਯੂਨੀਅਨ ਦੇ ਆਗੂ ਚੰਡੀਗੜ੍ਹ ਪਹੁੰਚੇ ਤਾਂ ਮੁੱਖ ਮੰਤਰੀ ਪੰਜਾਬ ਨੇ ਮੀਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਜਿਸਦੇ ਵਿਰੋਧ ’ਚ ਅੱਜ ਪੰਜਾਬ ਭਰ ’ਚ ਮਾਨ ਸਰਕਾਰ ਦੇ ਖਿਲਾਫ ਅਰਥੀ ਫੂਕ ਮੁਜਾਹਰੇ ਕੀਤੇ ਜਾ ਰਹੇ ਹਨ। ਪਿਛਲੇ 10-15 ਸਾਲਾਂ ਤੋਂ ਬਤੌਰ ਵਰਕਰ ਦੇ ਰੂਪ ਵਿੱਚ ਵਿਭਾਗ ਦੇ ਅਧਿਕਾਰੀਆਂ ਵਲੋਂ ਭਰਤੀ ਕੀਤਾ ਗਿਆ ਸੀ ਪਰ ਉਸ ਸਮੇਂ ਦੀਆਂ ਸਰਕਾਰ ਦੇ ਅਧਿਕਾਰੀਆਂ ਨੇ ਸਾਨੂੰ ਧੱਕੇ ਨਾਲ ਇਨਲਿਸਟਮੈਂਟ ਪਾਲਸੀ ਅਧੀਨ ਕਰਕੇ ਠੇਕੇਦਾਰ ਬਣਾ ਦਿੱਤਾ ਗਿਆ ਹੈ। ਜਦੋਂਕਿ ਨਾਂਹ ਤਾ ਸਾਡੀ ਕੋਈ ਮੰਗ ਸੀ, ਨਾਂਹ ਹੀ ਕੋਈ ਇੱਛਾਂ ਸੀ ਤੇ ਨਾ ਹੀ ਇਹ ਕੰਮ ਸਾਡੇ ਹਿੱਤ ਵਿਚ ਸੀ, ਜਦੋਂਕਿ ਸਮੇਂ ਦੀ ਸਰਕਾਰ ਨੇ ਆਪਣੇ ਕਾਰਪੋਰੇਟੀ ਏਜੰਡੇ ਨੂੰ ਨੇਪਰੇ ਚਾੜ੍ਹਨ ਵਾਸਤੇ ਸਾਨੂੰ ਇਨਲਿਸਟਡ ਬਣਾ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਇਨਲਿਸਟਮੈਂਟ/ਆਊਟਸੋਰਸ ਅਧੀਨ ਫੀਲਡ ਤੇ ਦਫਤਰਾਂ ’ਚ ਕੰਮ ਕਰਦੇ ਕਾਮਿਆਂ ਨੂੰ ਸਬੰਧਤ ਵਿਭਾਗ ’ਚ ਸਿੱਧੇ ਸ਼ਾਮਲ ਕਰਕੇ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇ।
ਐੱਚ.ਆਰ.ਐ ੱਮ.ਐੱਸ.ਪੋਰਟਲ ’ਤੇ ਕੰਟਰੈਕਚੁਆਲ ਅਧੀਨ ਇਨਲਿਸਟਡ ਕਾਮਿਆ ਦੇ ਚੱੜੇ ਡਾਟੇ ਦੀ ਡਲੀਟ ਕੀਤੀ ਐੰਟਰੀ ਨੂੰ ਤੁਰੰਤ ਬਹਾਲ ਕੀਤਾ ਜਾਵੇ। ਕੰਮ ਭਾਰ ਮੁਤਾਬਿਕ ਵਧੀਆਂ ਤਨਖਾਹਾਂ ਰੋਕੀਆਂ ਗਈਆਂ ਹਨ, ਉਹ ਤੁਰੰਤ ਜਾਰੀ ਕੀਤੀਆਂ ਜਾਣ, ਕਾਮਿਆਂ ਦੀ ਤਨਖਾਹ 15ਵੀਂ ਲੇਬਰ ਕਾਨਫਰੰਸ ਦੀਆਂ ਸਿਫਾਰਸ਼ਾਂ ਮੁਤਾਬਿਕ ਨਿਸ਼ਚਿਤ ਕੀਤੀ ਜਾਵੇ, ਫੀਲਡ ਤੇ ਦਫਤਰੀ ਸਟਾਫ ’ਤੇ ਬਰਾਬਰ ਕੰਮ ਬਰਾਬਰ ਤਨਖਾਹ ਦਾ ਨਿਯਮ ਲਾਗੂ ਕੀਤਾ ਜਾਵੇ।
15 ਸਾਲਾਂ ਤੋਂ ਕੰਮ ਕਰ ਰਹੇ ਕੰਟਰੈਕਟ ਕਾਮਿਆਂ ਨੂੰ ਪੱਕਾ ਕਰਨ ਦੀ ਮੰਗ
ਘਨੌਰ (ਪੱਤਰ ਪ੍ਰੇਰਕ) ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਵੱਲੋਂ ਦਿੱਤੇ ਗਏ ਸੱਦੇ ’ਤੇ ਅੱਜ ਇਥੇ ਕੰਟਰੈਕਟ ਕਾਮਿਆਂ ਵੱਲੋਂ ਆਪਣੇ ਆਗੂਆਂ ਕੁਲਵਿੰਦਰ ਸਿੰਘ, ਅਮਰਜੀਤ ਸਿੰਘ, ਨਵਨੀਤ ਸਿੰਘ, ਜਗਦੀਪ ਸਿੰਘ ਤੇ ਗੁਰਜੰਟ ਸਿੰਘ ਦੀ ਸਾਂਝੀ ਅਗਵਾਈ ਹੇਠ ਆਪਣੀਆਂ ਭਖਦੀਆਂ ਮੰਗਾਂ ਨੂੰ ਲਈ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਦੇ ਪੁਤਲਾ ਸਾੜਿਆ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਉਨ੍ਹਾਂ ਦੀਆਂ ਭਖਦੀਆਂ ਮੰਗਾਂ ਸਬੰਧੀ ਗੱਲਬਾਤ ਕਰਨ ਲਈ 24 ਮਈ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਦਾ ਸਮਾਂ ਤੈਅ ਕੀਤਾ ਗਿਆ ਸੀ ਪਰ ਜਦੋਂ ਉਹ ਚੰਡੀਗੜ੍ਹ ਪਹੁੰਚੇ ਤਾਂ ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਉਨ੍ਹਾਂ ਨਾਲ ਮੀਟਿੰਗ ਨਹੀਂ ਕਰਨਗੇ। ਜਿਸ ਨੂੰ ਲੈ ਕੇ ਪੰਜਾਬ ਭਰ ਦੇ ਕੰਟਰੈਕਟ ਕਾਮਿਆਂ ਵਿੱਚ ਤਿੱਖਾ ਰੋਸ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਿਛਲੇ 15-15 ਸਾਲਾਂ ਤੋਂ ਬਤੌਰ ਵਰਕਰ ਵਿਭਾਗ ਵਿੱਚ ਕੰਮ ਕਰ ਰਹੇ ਕੰਟਰੈਕਟ ਕਾਮਿਆਂ ਨੂੰ ਪੱਕਾ ਕੀਤਾ ਜਾਵੇ। ਕੰਮ ਭਾਰ ਮੁਤਾਬਕ ਵਧੀਆ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ।