ਪੱਤਰ ਪ੍ਰੇਰਕ
ਨਿਹਾਲਸਿੰਘ ਵਾਲਾ, 21 ਸਤੰਬਰ
ਬੱਧਨੀ ਕਲਾਂ ਪੁਲੀਸ ਨੇ ਮੋਗਾ-ਬਰਨਾਲਾ ਰੋਡ ’ਤੇ ਲਗਾਏ ਨਾਕੇ ਦੌਰਾਨ ਇਕ ਟਰੱਕ ’ਚੋਂ ਦਸ ਕੁਇੰਟਲ ਪੋਸਤ ਬਰਾਮਦ ਕੀਤੀ ਹੈ।
ਡੀਐੱਸਪੀ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਥਾਣਾ ਮੁਖੀ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਮੱਧ ਪ੍ਰਦੇਸ਼ ਤੋਂ ਪਿਆਜ਼ ਲੈ ਕੇ ਰਹੇ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਪਿਆਜ਼ ਦੀਆਂ ਬੋਰੀਆਂ ਵਿੱਚ ਛੁਪਾ ਕੇ ਲਿਆਂਦੀ ਦਸ ਕੁਇੰਟਲ ਪੋਸਤ ਬਰਾਮਦ ਕੀਤੀ ਗਈ। ਪੁਲੀਸ ਵੱਲੋਂ ਟਰੱਕ ਸਵਾਰ ਪਰਮਜੀਤ ਪੰਮਾ ਵਾਸੀ ਦੌਲੇਵਾਲਾ (ਕੋਟ ਈਸੇ ਖਾਂ) ਅਤੇ ਹਰਪ੍ਰੀਤ ਸਿੰਘ ਹੈਪੀ ਧਰਮਕੋਟ ਨੂੰ ਰਾਜਸਥਾਨ ਨੰਬਰ ਦੇ ਦਸ ਚੱਕਾ ਟਰੱਕ ਸਮੇਤ ਗ੍ਰਿਫ਼ਤਾਰ ਕਰ ਕੇ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।