ਚਰਨਜੀਤ ਭੁੱਲਰ
ਚੰਡੀਗੜ੍ਹ, 13 ਫਰਵਰੀ
ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਚੋਣਾਂ ’ਚ ਅਜਿਹੇ ਦਰਜਨਾਂ ਹਲਕੇ ਸ਼ਨਾਖ਼ਤ ਕੀਤੇ ਹਨ, ਜਿੱਥੇ ਵੋਟਰਾਂ ਦੀ ਖ਼ਰੀਦੋ-ਫ਼ਰੋਖ਼ਤ ਹੋਣ ਦਾ ਖ਼ਦਸ਼ਾ ਹੈ। ਬਹੁਤੇ ਹਲਕਿਆਂ ਵਿਚ ਮੁਕਾਬਲੇ ਫਸਵੇਂ ਬਣੇ ਹੋਏ ਹਨ, ਜਿਨ੍ਹਾਂ ’ਚ ਚਰਚੇ ਹਨ ਕਿ ਪੈਸੇ ਦਾ ਜ਼ੋਰ ਨਤੀਜੇ ਪ੍ਰਭਾਵਿਤ ਕਰ ਸਕਦਾ ਹੈ। ਚੋਣ ਕਮਿਸ਼ਨ ਨੇ ਪੰਜ ਸੂਬਿਆਂ ਦੀਆਂ ਚੋਣਾਂ ’ਚ 403 ਹਲਕੇ ਸੂਚੀਬੱਧ ਕੀਤੇ ਹਨ ਅਤੇ ਇਨ੍ਹਾਂ ’ਚੋਂ ਪੰਜਾਬ ਦੇ 17 ਵਿਧਾਨ ਸਭਾ ਹਲਕੇ ਵੀ ਸ਼ਾਮਲ ਹਨ, ਜਿਨ੍ਹਾਂ ’ਚ ਪੈਸੇ ਤੇ ਨਸ਼ੇ ਦੀ ਵਰਤੋਂ ਹੋਣ ਦੀ ਸੰਭਾਵਨਾ ਹੈ।
ਇਵੇਂ ਚੋਣ ਕਮਿਸ਼ਨ ਦੀ ਉਨ੍ਹਾਂ ਹਲਕਿਆਂ ’ਤੇ ਵੀ ਨਿਗ੍ਹਾ ਰਹੇਗੀ, ਜਿੱਥੋਂ ਦੌਲਤਮੰਦ ਉਮੀਦਵਾਰਾਂ ’ਚ ਟੱਕਰ ਹੈ। ਸੂਤਰ ਦੱਸਦੇ ਹਨ ਕਿ ਰਵਾਇਤੀ ਧਿਰਾਂ ਨੇ ਚੋਣ ਬੇੜੀ ਪਾਰ ਲਾਉਣ ਲਈ ਕਥਿਤ ਤੌਰ ’ਤੇ ਅੰਦਰੋਂ-ਅੰਦਰੀ ਸਭ ਪ੍ਰਬੰਧ ਕੀਤੇ ਹੋਏ ਹਨ। ਨਿਰਪੱਖ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਮੁਸਤੈਦ ਹੈ। ‘ਆਪ’ ਦੇ ਉਮੀਦਵਾਰ ਇਸ ਗੱਲੋਂ ਡਰੇ ਹੋਏ ਹਨ ਕਿ ਕਿਤੇ ਪੈਸੇ ਤੇ ਨਸ਼ੇ ਦਾ ਰੁਝਾਨ ਸਾਰੀ ਖੇਡ ਹੀ ਨਾ ਵਿਗਾੜ ਦੇਵੇ। ਆਦਰਸ਼ ਚੋਣ ਜ਼ਾਬਤਾ ਲੱਗਣ ਮਗਰੋਂ ਐਤਕੀਂ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਨਾਲੋਂ ਵੱਧ ਨਸ਼ੇ ਫੜੇ ਜਾ ਚੁੱਕੇ ਹਨ।
ਚੋਣ ਕਮਿਸ਼ਨ ਨੂੰ ਜਿਨ੍ਹਾਂ ਹਲਕਿਆਂ ’ਚ ਵੋਟਰਾਂ ਦੀ ਖ਼ਰੀਦੋ-ਫ਼ਰੋਖ਼ਤ ਹੋਣ ਦੇ ਖ਼ਦਸ਼ੇ ਹਨ, ਉਨ੍ਹਾਂ ਵਿਚ ਲੰਬੀ ਪਹਿਲੇ ਨੰਬਰ ’ਤੇ ਹੈ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਬਜ਼ੁਰਗ ਆਗੂ ਪ੍ਰਕਾਸ਼ ਸਿੰਘ ਬਾਦਲ ਅਤੇ ‘ਆਪ’ ਦੇ ਗੁਰਮੀਤ ਸਿੰਘ ਖੁੱਡੀਆਂ ਵਿਚਾਲੇ ਮੁਕਾਬਲਾ ਹੈ।
ਹਲਕਾ ਗਿੱਦੜਬਾਹਾ ਦੀ ਸੀਟ ਵੀ ਫਸਵੀਂ ਹੈ, ਜਿੱਥੇ ਵੋਟਾਂ ਦੀ ਬੋਲੀ ਲੱਗਣ ਦਾ ਡਰ ਹੈ। ਇਸੇ ਸੂਚੀ ਵਿਚ ਬਠਿੰਡਾ ਸ਼ਹਿਰੀ ਹਲਕਾ ਵੀ ਸ਼ਾਮਲ ਹੈ, ਜਿੱਥੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਚੋਣ ਲੜ ਰਹੇ ਹਨ।
ਬਠਿੰਡਾ ਦੇ ਮੁਲਾਜ਼ਮ ਆਗੂ ਗੁਰਸੇਵਕ ਸਿੰਘ ਸੰਧੂ ਨੇ ਕਿਹਾ ਕਿ ਰਵਾਇਤੀ ਸਿਆਸੀ ਧਿਰਾਂ ਕੋਲ ਚੋਣਾਂ ਲਈ ਪੈਸਾ ਅਤੇ ਤਾਕਤ ਹੈ ਪਰ ਸ਼ਹਿਰੀ ਲੋਕ ਜਾਗਰੂਕ ਹਨ। ਉਹ ਪੈਸੇ ਦੀ ਥਾਂ ਜ਼ਮੀਰ ਦੀ ਆਵਾਜ਼ ਸੁਣਨਗੇ।
ਜਾਣਕਾਰੀ ਅਨੁਸਾਰ ਸ਼ਨਾਖ਼ਤ ਕੀਤੇ ਹਲਕਿਆਂ ਵਿਚ ਰਾਮਪੁਰਾ ਫੂਲ ਅਤੇ ਮੌੜ ਹਲਕੇ ਵੀ ਸ਼ਾਮਲ ਹਨ। ਇਸੇ ਤਰ੍ਹਾਂ ਹਲਕਾ ਸੁਨਾਮ ਤੇ ਸਨੌਰ ਤੋਂ ਇਲਾਵਾ ਲੁਧਿਆਣਾ ਦੱਖਣੀ, ਆਤਮ ਨਗਰ, ਸਾਹਨੇਵਾਲ ਅਤੇ ਗਿੱਲ ਹਲਕਾ ਵੀ ਇਸ ਸੂਚੀ ਵਿਚ ਸ਼ਾਮਿਲ ਹੈ। ਦੋਆਬੇ ਦੇ ਕਿਸੇ ਵੀ ਹਲਕੇ ਨੂੰ ਇਸ ਸੂਚੀ ’ਚ ਸ਼ਾਮਲ ਨਹੀਂ ਕੀਤਾ ਗਿਆ।
ਮਾਝੇ ਦੇ ਹਲਕਾ ਮਜੀਠਾ, ਪਠਾਨਕੋਟ, ਡੇਰਾ ਬਾਬਾ ਨਾਨਕ, ਅੰਮ੍ਰਿਤਸਰ ਕੇਂਦਰੀ ਅਤੇ ਅੰਮ੍ਰਿਤਸਰ ਪੂਰਬੀ ਵਿਚ ਵੀ ਚੋਣ ਕਮਿਸ਼ਨ ਨੂੰ ਵੋਟਾਂ ਖ਼ਰੀਦੇ ਜਾਣ ਦਾ ਖ਼ਦਸ਼ਾ ਹੈ। ਦੇਖਿਆ ਜਾਵੇ ਤਾਂ ਐਤਕੀਂ ਪੰਜਾਬ ਚੋਣਾਂ ਵਿਚ 521 ਕਰੋੜਪਤੀ ਅਤੇ 640 ਲੱਖਪਤੀ ਉਮੀਦਵਾਰ ਖੜ੍ਹੇ ਹਨ। ਇਨ੍ਹਾਂ ’ਚੋਂ 35 ਉਮੀਦਵਾਰਾਂ ਕੋਲ ਤਾਂ 10 ਕਰੋੜ ਤੋਂ 283 ਕਰੋੜ ਰੁਪਏ ਦੀ ਸੰਪਤੀ ਹੈ। ਵੱਧ ਜਾਇਦਾਦ ਵਾਲੇ ਉਮੀਦਵਾਰਾਂ ਦੇ ਹਲਕਿਆਂ ’ਤੇ ਵੀ ਚੋਣ ਕਮਿਸ਼ਨ ਦੀ ਅੱਖ ਰਹੇਗੀ।
ਆਮ ਲੋਕਾਂ ਵਿਚ ਚਰਚਾ ਹੈ ਕਿ ਇਸ ਹਫ਼ਤੇ ਵਿਚ ਪੈਸੇ ਦਾ ਪ੍ਰਯੋਗ ਵਧ ਸਕਦਾ ਹੈ। ਤਰਕ ਦਿੱਤਾ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਨੇ ਚੋਣ ਪ੍ਰਚਾਰ ਦੇ ਸਮੇਂ ਵਿਚ ਚਾਰ ਘੰਟੇ ਦਾ ਵਾਧਾ ਕਰ ਦਿੱਤਾ ਹੈ। ਭਾਵੇਂ ਪੇਂਡੂ ਖੇਤਰ ਵਿਚ ਹਾਲੇ ਨਸ਼ਿਆਂ ਦੀ ਵੰਡ ਬਹੁਤੀ ਦੇਖਣ ਨੂੰ ਨਹੀਂ ਮਿਲ ਰਹੀ ਹੈ ਪਰ ਇਸ ਹਫ਼ਤੇ ਮਹਿਫ਼ਲਾਂ ਸਜਾਏ ਜਾਣ ਦੀ ਸੰਭਾਵਨਾ ਹੈ।
ਸੰਵੇਦਨਸ਼ੀਲ ਹਲਕਿਆਂ ਵਿਚ ਉੱਡਣ ਦਸਤੇ ਤਾਇਨਾਤ ਕੀਤੇ: ਡਾ. ਰਾਜੂ
ਮੁੱਖ ਚੋਣ ਅਫ਼ਸਰ ਡਾ. ਐੱਸ ਕਰੁਣਾ ਰਾਜੂ ਨੇ ਦੱਸਿਆ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਹੁਣ ਤੱਕ 417.26 ਕਰੋੜ ਰੁਪਏ ਦੀ ਕੀਮਤ ਦਾ ਸਾਮਾਨ ਜ਼ਬਤ ਕੀਤਾ ਗਿਆ ਹੈ। ਇਸ ਤਹਿਤ 28.95 ਕਰੋੜ ਰੁਪਏ ਦੀ 48.30 ਲੱਖ ਲਿਟਰ ਸ਼ਰਾਬ ਜ਼ਬਤ ਕੀਤੀ ਗਈ ਹੈ। ਇਸੇ ਤਰ੍ਹਾਂ 319.94 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕਰਨ ਸਮੇਤ 29.26 ਕਰੋੜ ਰੁਪਏ ਦੀ ਨਕਦੀ ਵੀ ਜ਼ਬਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜੋ ਹਲਕੇ ਖ਼ਰਚੇ ਪੱਖੋਂ ਸੰਵੇਦਨਸ਼ੀਲ ਐਲਾਨੇ ਗਏ ਹਨ, ਉੱਥੇ ਚੋਣ ਆਬਜ਼ਰਵਰ ਅਤੇ ਉਡਣ ਦਸਤੇ ਤਾਇਨਾਤ ਕਰ ਦਿੱਤੇ ਗਏ ਹਨ।