ਜੀਵਨ ਸਿੰਘ ਕ੍ਰਾਂਤੀ
ਝੁਨੀਰ, 26 ਮਈ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਕੋਟ ਧਰਮੂ ਦੀ ਅਗਵਾਈ ਹੇਠ ਝੁਨੀਰ ਥਾਣੇ ਅੱਗੇ ਧਰਨਾ ਲਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਆਗੂ ਮਲਕੀਤ ਸਿੰਘ ਕੋਟ ਧਰਮੂ ਅਤੇ ਰਾਣੀ ਕੌਰ ਭੰਮੇ ਨੇ ਕਿਹਾ ਕਿ ਪਿਛਲੇ ਦਿਨੀਂ ਚਿੱਪ ਵਾਲੇ ਮੀਟਰ ਲਗਾਉਣ ਦੇ ਡਰ ਕਾਰਨ ਪਿੰਡ ਫਤਿਹਪੁਰ ਦੇ ਲੋਕਾਂ ਵੱਲੋਂ ਘਰਾਂ ਅੰਦਰ ਮੀਟਰ ਲਾਏ ਗਏ ਤਾਂ ਝੁਨੀਰ ਦੇ ਐਸਡੀਓ ਵੱਲੋਂ ਜਥੇਬੰਦੀ ਦੇ ਆਗੂ ਸੁਖਵਿੰਦਰ ਸਿੰਘ ਪ੍ਰਧਾਨ, ਕਾਕਾ ਸਿੰਘ, ਭੀਮ ਸਿੰਘ, ਗੁਰਜੀਤ ਸਿੰਘ ਤੇ ਹੋਰ ਕਿਸਾਨ ਆਗੂਆਂ ’ਤੇ ਪੁਲੀਸ ਥਾਣੇ ਵਿੱਚ ਰਿਪੋਰਟ ਦਰਜ ਕਰਾ ਦਿੱਤੀ। ਹੁਣ ਝੁਨੀਰ ਪੁਲੀਸ ਸਬੰਧਤ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰ ਰਹੀ ਹੈ। ਕਿਸਾਨ ਆਗੂ ਉਤਮ ਸਿੰਘ, ਕੁਲਦੀਪ ਚਚੋਹਰ, ਲੀਲੂ ਸਿੰਘ ਨੇ ਕਿਹਾ ਕਿ ਜੇ ਕਿਸਾਨਾਂ ਉੱਤੇ ਪਾਏ ਕੇਸ ਰੱਦ ਨਾ ਹੋਏ ਤਾਂ ਆਉਣ ਵਾਲੇ ਸਮੇਂ ਵਿਚ ਜਥੇਬੰਦੀ ਵੱਲੋਂ ਕਿਸੇ ਵੀ ਕਿਸਾਨ ਨੂੰ ਗ੍ਰਿਫਤਾਰ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ।