ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਭਵਿੱਖ ਦੀ ਸਿਆਸਤ ਦੇ ਪੱਤੇ ਖੋਲ੍ਹਦਿਆਂ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਕਾਂਗਰਸ ਛੱਡ ਰਹੇ ਹਨ ਪਰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਨਹੀਂ ਹੋ ਰਹੇ। ਕਾਂਗਰਸ ਹਾਈਕਮਾਨ ਵੱਲੋਂ ਅਪਮਾਨਿਤ ਮਹਿਸੂਸ ਕਰ ਰਹੇ ਕੈਪਟਨ ਦੀ ਦਲੀਲ ਹੈ ਕਿ ਬੇਭਰੋਸਗੀ ਦੇ ਆਲਮ ਦੌਰਾਨ ਪਾਰਟੀ ਵਿਚ ਰਹਿਣਾ ਵਾਜਬਿ ਨਹੀਂ। ਕੈਪਟਨ ਦੇ ਪਾਰਟੀ ਛੱਡਣ ਦੇ ਫ਼ੈਸਲੇ ਦਾ ਕਾਂਗਰਸ ਉੱਤੇ ਅਸਰ ਪੈ ਸਕਦਾ ਹੈ। ਪਾਰਟੀ ਅੰਦਰ ਸਭ ਅੱਛਾ ਨਹੀਂ ਅਤੇ ਜਥੇਬੰਦੀ ਅੰਦਰ ਸਭ ਨੂੰ ਨਾਲ ਲੈ ਕੇ ਚੱਲਣ ਦੀ ਕਾਬਲੀਅਤ ਉੱਤੇ ਵੀ ਸਵਾਲ ਪੈਦਾ ਹੋਣੇ ਸੁਭਾਵਿਕ ਹਨ। ਕਾਂਗਰਸ ਦੇ ਗੁਰੱਪ-23 ਦੇ ਤੌਰ ਉੱਤੇ ਜਾਣੇ ਜਾਂਦੇ ਵੱਡੇ ਆਗੂਆਂ ਨੇ ਪਾਰਟੀ ਦਾ ਨਿਯਮਤ ਪ੍ਰਧਾਨ ਬਣਾਉਣ ਅਤੇ ਚੋਣਾਂ ਕਰਵਾਉਣ ਦੀ ਮੰਗ ਕਰਦਿਆਂ ਦੋ ਸਾਲ ਬੀਤਣ ਵਾਲੇ ਹਨ। ਬੁੱਧਵਾਰ ਨੂੰ ਕਪਿਲ ਸਿੱਬਲ ਦੀ ਪ੍ਰੈੱਸ ਕਾਨਫ਼ਰੰਸ ਤੋਂ ਪਿੱਛੋਂ ਗਾਂਧੀ ਪਰਿਵਾਰ ਦੇ ਸਮਰਥਕਾਂ ਵੱਲੋਂ ਪਾਏ ਰੌਲੇ ਪਿੱਛੋਂ ਇਸ ਗਰੁੱਪ ਨੇ ਮੀਟਿੰਗ ਸੱਦਣ ਦੀ ਮੁੜ ਮੰਗ ਕੀਤੀ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਤੋਂ ਪਿੱਛੋਂ ਕੈਪਟਨ ਦੇ ਭਾਰਤੀ ਜਨਤਾ ਪਾਰਟੀ ਵਿਚ ਜਾਣ ਦੀਆਂ ਚਰਚਾਵਾਂ ਤੇਜ਼ ਹੋਈਆਂ ਹਨ। ਅਮਿਤ ਸ਼ਾਹ ਨੂੰ ਮਿਲਣ ਦੇ ਮਕਸਦ ਬਾਰੇ ਕੈਪਟਨ ਨੇ ਕਿਹਾ ਹੈ ਕਿ ਉਨ੍ਹਾਂ ਦਸ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਕਿਸਾਨਾਂ ਦੀਆਂ ਮੰਗਾਂ ਮੰਨ ਲੈਣ ਦੀ ਅਪੀਲ ਕੀਤੀ ਹੈ। ਅਸਤੀਫ਼ੇ ਪਿੱਛੋਂ ਭਾਜਪਾ ਆਗੂਆਂ ਦਾ ਕੈਪਟਨ ਪ੍ਰਤੀ ਬਦਲਿਆ ਨਜ਼ਰੀਆ ਖੇਤੀ ਕਾਨੂੰਨਾਂ ਬਾਰੇ ਕੇਂਦਰ ਦੀ ਗੱਲਬਾਤ ਕਰਵਾਉਣ ਵਿਚ ਭੂਮਿਕਾ ਨਿਭਾਉਣ ਦੀਆਂ ਚਰਚਾਵਾਂ ਨੂੰ ਮਜ਼ਬੂਤ ਕਰਦਾ ਹੈ। ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਨਾ ਬਣਨ ਦੇਣ ਲਈ ਕਿਸੇ ਵੀ ਹੱਦ ਤੱਕ ਜਾਣ ਦਾ ਐਲਾਨ ਕਰ ਚੁੱਕੇ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੱਧੂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਦੋਸਤੀ ਨੂੰ ਉਭਾਰ ਕੇ ਕਾਂਗਰਸ ਲਈ ਚੁਣੌਤੀ ਖੜ੍ਹੀ ਕਰਦੇ ਰਹੇ ਹਨ। ਜੇ ਉਹ ਭਾਜਪਾ ਵਿਚ ਨਹੀਂ ਜਾਂਦੇ ਤਾਂ ਸਿਆਸੀ ਰਾਹ ਆਪਣੀ ਖੇਤਰੀ ਪਾਰਟੀ ਬਣਾਉਣ ਦਾ ਹੋ ਸਕਦਾ ਹੈ।
ਕੈਪਟਨ ਅਕਾਲੀਆਂ ਨਾਲੋਂ ਟੁੱਟੇ ਕੁਝ ਗਰੁੱਪਾਂ ਨੂੰ ਨਾਲ ਮਿਲਾ ਕੇ ਖੇਤਰੀ ਪਾਰਟੀ ਬਣਾ ਸਕਦੇ ਹਨ ਤੇ ਅਗਾਂਹ ਭਾਜਪਾ ਨਾਲ ਗੱਠਜੋੜ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਉਂ ਭਾਜਪਾ ਨਾਲ ਨਜ਼ਦੀਕੀ ਇਕ ਤਰ੍ਹਾਂ ਨਾਲ ਹਿੰਦੂਤਵੀ ਏਜੰਡੇ ਦੀ ਮਾਨਤਾ ਦਾ ਕੰਮ ਕਰੇਗੀ। 1996 ਵਿਚ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਕੇਂਦਰ ’ਚ ਬਣੀ ਭਾਜਪਾ ਸਰਕਾਰ ਦੇ ਸਹਿਯੋਗ ਲਈ ਮੁਲਕ ਦੀ ਕੋਈ ਖੇਤਰੀ ਜਾਂ ਹੋਰ ਪਾਰਟੀ ਤਿਆਰ ਨਹੀਂ ਸੀ ਪਰ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਬਿਨਾ ਸ਼ਰਤ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਤਾਂ ਇਸ ਤੋਂ ਪਿੱਛੋਂ ਹੋਰ ਧਿਰਾਂ ਲਈ ਸਿਆਸੀ ਤੌਰ ’ਤੇ ਅਛੂਤ ਭਾਜਪਾ ਨਾਲ ਮਿਲ ਕੇ ਕੰਮ ਕਰਨ ਦਾ ਰਾਹ ਖੁੱਲ੍ਹ ਗਿਆ ਸੀ। ਇਹ ਹੁਣ ਸਮਾਂ ਹੀ ਦੱਸੇਗਾ ਕਿ ਕੈਪਟਨ ਆਪਣਾ ਧਰਮ-ਨਿਰਪੱਖ ਅਕਸ ਬਰਕਰਾਰ ਰੱਖਦੇ ਹਨ ਜਾਂ ਭਾਜਪਾ ਨਾਲ ਦੋਸਤੀ ਅਗਾਂਹ ਸੰਗਠਨ ਤੱਕ ਵਧ ਜਾਂਦੀ ਹੈ।