ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਅਕਤੂਬਰ
ਦਿੱਲੀ ਸਰਕਾਰ ਨੇ ਰੀਅਲ ਅਸਟੇਟ ਸੈਕਟਰ ਨੂੰ ਹੁਲਾਰਾ ਦੇਣ ਲਈ ਸਰਕਲ ਰੇਟਾਂ ਵਿੱਚ 20 ਫ਼ੀਸਦ ਦੀ ਛੋਟ ਨੂੰ 31 ਦਸੰਬਰ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਹੂਲਤ ਦਿੱਲੀ ਵਾਸੀਆਂ ਦੀ ਸਹਾਇਤਾ ਕਰਦੀ ਰਹੇਗੀ। ਅਧਿਕਾਰੀਆਂ ਨੇ ਦੱਸਿਆ ਕਿ ਛੋਟ ਸਕੀਮ ਇਸ ਸਾਲ ਫਰਵਰੀ ਵਿੱਚ ਕੋਵਿਡ-19 ਦੌਰਾਨ ਸ਼ੁਰੂ ਕੀਤੀ ਗਈ ਸੀ ਤੇ 30 ਸਤੰਬਰ ਨੂੰ ਖਤਮ ਹੋਣੀ ਸੀ। ਮੁੱਖ ਮੰਤਰੀ ਕੇਜਰੀਵਾਲ ਨੇ ਟਵਿੱਟਰ ‘ਤੇ ਕਿਹਾ, ‘ਸਰਕਲ ਰੇਟਾਂ ਵਿੱਚ 20 ਫ਼ੀਸਦ ਦੀ ਛੋਟ ਜਾਰੀ ਰਹੇਗੀ। ਇਸ ਮਹਾਮਾਰੀ ਦੌਰਾਨ ਦਿੱਲੀ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦੇਵਾਂਗੇ। ਅਸੀਂ ਹਰ ਮੋਰਚੇ ਤੇ ਹਰ ਕਦਮ ‘ਤੇ ਦਿੱਲੀ ਦੇ ਲੋਕਾਂ ਦੇ ਨਾਲ ਖੜ੍ਹੇ ਰਹਾਂਗੇ।’ ਦਿੱਲੀ ਦੇ ਮਾਲ ਮੰਤਰੀ ਕੈਲਾਸ਼ ਗਹਿਲੋਤ ਨੇ ਇਹ ਵੀ ਕਿਹਾ ਕਿ ਸਰਕਾਰ ਲੋਕਾਂ ਦੀ ਹਰ ਲੋੜ ਸਮੇਂ ਮਦਦ ਕਰੇਗੀ। ਗਹਿਲੋਤ ਨੇ ਟਵੀਟ ਕੀਤਾ, ‘ਕੋਵਿਡ ਦੇ ਬਾਅਦ ਸ਼ਹਿਰ ਦੇ ਹਾਲਾਤ ਹੌਲੀ ਹੌਲੀ ਠੀਕ ਹੋਣ ਦੇ ਨਾਲ ਦਿੱਲੀ ਵਾਸੀਆਂ ਲਈ ਇਹ ਇੱਕ ਹੋਰ ਖੁਸ਼ਖਬਰੀ ਹੈ। ਅਸੀਂ ਸਰਕਲ ਰੇਟਾਂ ਵਿੱਚ 20 ਫੀਸਦ ਦੀ ਕਟੌਤੀ ਨੂੰ 31 ਦਸੰਬਰ 21 ਤੱਕ ਵਧਾ ਦਿੱਤਾ ਹੈ। ਅਰਵਿੰਦ ਕੇਜਰੀਵਾਲ ਦੇ ਅਧੀਨ, ਜ਼ਰੂਰਤ ਦੇ ਸਮੇਂ ਦਿੱਲੀ ਸਰਕਾਰ ਜਨਤਾ ਦਾ ਹਰ ਤਰ੍ਹਾਂ ਨਾਲ ਸਮਰਥਨ ਕਰੇਗੀ।’ ਅਧਿਕਾਰੀਆਂ ਨੇ ਕਿਹਾ ਕਿ ਸਰਕਲ ਰੇਟਾਂ ਨੂੰ 20 ਫੀਸਦੀ ਘਟਾਉਣ ਦੀ ਸਕੀਮ ਆਮ ਆਦਮੀ ਪਾਰਟੀ ਦੁਆਰਾ ਇਸ ਸਾਲ ਫਰਵਰੀ ਵਿੱਚ ਰੀਅਲ ਅਸਟੇਟ ਸੈਕਟਰ ਨੂੰ ਮੁੜ ਸੁਰਜੀਤ ਕਰਨ ਲਈ ਪੇਸ਼ ਕੀਤੀ ਗਈ ਸੀ ਜੋ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।