ਸ਼ਸ਼ੀਪਾਲ ਜੈਨ
ਖਰੜ, 2 ਅਕਤੂਬਰ
ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਕੋਲ ਸੀਮਤ ਸਰੋਤ ਹੋਣ ਦੇ ਬਾਵਜੂਦ ਅਗਲੇ ਦੋ ਮਹੀਨਿਆਂ ਅੰਦਰ ਨਵੀਆਂ 800 ਬੱਸਾਂ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਬੇੜੇ ’ਚ ਸ਼ਾਮਲ ਕੀਤੀਆਂ ਜਾਣਗੀਆਂ। ਉਨ੍ਹਾਂ ਭਰੋਸਾ ਦਿੱਤਾ ਕਿ ਘਾਟੇ ’ਚ ਜਾਣ ਵਾਲੀ ਪੰਜਾਬ ਰੋਡਵੇਜ਼ ਅਤੇ ਪਨਬੱਸ ਦੀ ਟਰਾਂਸਪੋਰਟ ਅਗਲੇ ਦੋ ਮਹੀਨਿਆਂ ਅੰਦਰ ਮੁਨਾਫ਼ੇ ਵਿੱਚ ਜਾਵੇਗੀ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ’ਚ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਫ਼ਤ ਬੱਸ ਪਾਸ ਦੇਣ ਸਬੰਧੀ ਵਿਚਾਰ-ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਦਾ ਰੋਡ ਟੈਕਸ ਮੁਆਫ਼ ਕਰਨ ਸਬੰਧੀ ਵੀ ਗੱਲਬਾਤ ਕੀਤੀ ਜਾਵੇਗੀ।
ਕੈਬਨਿਟ ਮੰਤਰੀ ਇੱਥੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ ਕਰਵਾਏ ਜਾ ਰਹੇ ਦੋ ਰੋਜ਼ਾ ‘ਫੈਪ ਨੈਸ਼ਨਲ ਐਵਾਰਡ-2021’ ਦੇ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਵਿਗਿਆਨਕ ਤੌਰ ’ਤੇ ਸਾਬਤ ਹੋ ਚੁੱਕਿਆ ਹੈ ਕਿ ਸਮਾਜ ’ਚ 85 ਫ਼ੀਸਦੀ ਉਹ ਲੋਕ ਤਰੱਕੀ ਕਰਦੇ ਹਨ, ਜਿਨ੍ਹਾਂ ਦੀ ਗੈਰ-ਰਸਮੀ ਸਿੱਖਿਆ ਜ਼ਿਆਦਾ ਵਧੀਆ ਹੈ। ਇਸ ਲਈ ਵਿਦਿਅਕ ਸੰਸਥਾਵਾਂ ਵਿਦਿਆਰਥੀਆਂ ਨੂੰ ਰਸਮੀ ਸਿੱਖਿਆ ਤੋਂ ਇਲਾਵਾ ਗੈਰ-ਰਸਮੀ ਸਿੱਖਿਆ ਰਾਹੀਂ ਮੁੱਲ ਆਧਾਰਤ ਪੜ੍ਹਾਈ ਕਰਵਾਉਣ ’ਤੇ ਜ਼ੋਰ ਦੇਣ। ਇਸ ਮੌਕੇ ਅਦਾਕਾਰ ਅਤੇ ਗਾਇਕ ਡਾ. ਸਤਿੰਦਰ ਸਰਤਾਜ, ਰੰਗਕਰਮੀ ਅਤੇ ਫਿਲਮ ਅਦਾਕਾਰਾ ਸੁਨੀਤਾ ਧੀਰ, ਵਰਲਡ ਕੈਂਸਰ ਕੇਅਰ ਦੇ ਅੰਬੈਸਡਰ ਡਾ. ਕੁਲਵੰਤ ਸਿੰਘ ਧਾਲੀਵਾਲ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਮੌਜੂਦ ਰਹੇ। ਸਮਾਗਮ ਦੇ ਪਹਿਲੇ ਦਿਨ ਫੈਡਰੇਸ਼ਨ ਵੱਲੋਂ ਪੰਜਾਬ ਤੋਂ ਪ੍ਰਾਈਵੇਟ ਸਕੂਲਾਂ ਦੇ 415 ਅਧਿਅਪਕਾਂ ਦਾ ਸਨਮਾਨ ਕੀਤਾ ਗਿਆ।