ਸੰਯੁਕਤ ਰਾਸ਼ਟਰ, 1 ਅਕਤੂਬਰ
ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂਐੱਨਐੱਸਸੀ) ਵਿੱਚ ਅਮਰੀਕਾ ਤੇ ਅਲਬਾਨੀਆ ਵੱਲੋਂ ਪੇਸ਼ ਕੀਤੇ ਗਏ ਉਸ ਮਤੇ ਤੋਂ ਦੂਰ ਰਿਹਾ, ਜਿਸ ਵਿੱਚ ਰੂਸ ਦੇ ‘ਗੈਰ-ਕਾਨੂੰਨੀ ਰੈਫਰੈਂਡਮ (ਰਾਏਸ਼ੁਮਾਰੀ)’ ਅਤੇ ਯੂਕਰੇਨ ਦੇ ਚਾਰ ਖੇਤਰਾਂ ’ਤੇ ਉਸ ਦੇ ਕਬਜ਼ੇ ਦੀ ਨਿਖੇਧੀ ਕੀਤੀ ਗਈ। ਉੱਧਰ, ਰੂਸ ਨੇ ਇਸ ਮਤੇ ਖ਼ਿਲਾਫ਼ ਵੀਟੋ ਦਾ ਇਸਤੇਮਾਲ ਕੀਤਾ ਜਿਸ ਕਰ ਕੇ ਇਹ ਮਤਾ ਪਾਸ ਨਹੀਂ ਹੋ ਸਕਿਆ। ਸੁੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ 15 ਦੇਸ਼ਾਂ ਨੇ ਸ਼ੁੱਕਰਵਾਰ ਨੂੰ ਇਸ ਮਤੇ ’ਤੇ ਵੋਟ ਪਾਉਣੀ ਸੀ ਪਰ ਰੂਸ ਨੇ ਇਸ ਖ਼ਿਲਾਫ਼ ਵੀਟੋ ਦਾ ਇਸਤੇਮਾਲ ਕੀਤਾ ਜਿਸ ਕਰ ਕੇ ਮਤਾ ਪਾਸ ਨਹੀਂ ਹੋ ਸਕਿਆ। ਇਸ ਪ੍ਰਸਤਾਵ ਦੇ ਸਮਰਥਨ ਵਿੱਚ 10 ਦੇਸ਼ਾਂ ਨੇ ਵੋਟ ਪਾਈ ਜਦਕਿ ਚਾਰ ਦੇਸ਼ ਚੀਨ, ਗਾਬੋਨ, ਭਾਰਤ ਤੇ ਬ੍ਰਾਜ਼ੀਲ ਵੋਟਿੰਗ ਵਿੱਚ ਸ਼ਾਮਲ ਨਹੀਂ ਹੋਏ। ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨ ਦੇ ਦੋਨੇਤਸਕ, ਲੁਹਾਂਸਕ, ਖਰਸੋਨ ਅਤੇ ਜ਼ੈਪੋਰੀਜ਼ੀਆ ਖੇਤਰਾਂ ’ਤੇ ਕਬਜ਼ਾ ਕਰਨ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ। ਵੋਟਿੰਗ ਤੋਂ ਬਾਅਦ ਕੌਂਸਲ ਨੂੰ ਸੰਬੋਧਨ ਕਰਦੇ ਹੋਏ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ ਨੇ ਕਿਹਾ ਕਿ ਯੂਕਰੇਨ ਵਿੱਚ ਹਾਲ ਦੇ ਘਟਨਾਕ੍ਰਮ ਨਾਲ ਭਾਰਤ ਕਾਫੀ ਚਿੰਤਤ ਹੈ ਅਤੇ ਉਸ ਨੇ ਹਮੇਸ਼ਾ ਇਸ ਗੱਲ ਦੀ ਵਕਾਲਤ ਕੀਤੀ ਹੈ ਕਿ ਮਨੁੱਖੀ ਜੀਵਨ ਦੀ ਕੀਮਤ ’ਤੇ ਕੋਈ ਹੱਲ ਨਹੀਂ ਕੱਢਿਆ ਜਾ ਸਕਦਾ। ਉਨ੍ਹਾਂ ਵੋਟਿੰਗ ਤੋਂ ਦੂਰ ਰਹਿਣ ਬਾਰੇ ਸਪੱਸ਼ਟੀਕਰਨ ਦਿੰਦਿਆਂ ਕਿਹਾ, ‘‘ਅਸੀਂ ਅਪੀਲ ਕਰਦੇ ਹਾਂ ਕਿ ਸਬੰਧਤ ਪੱਖ ਤੁਰੰਤ ਹਿੰਸਾ ਤੇ ਦੁਸ਼ਮਣੀ ਨੂੰ ਖ਼ਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨ। ਮਤਭੇਦਾਂ ਤੇ ਵਿਵਾਦਾਂ ਨੂੰ ਹੱਲ ਕਰਨ ਦਾ ਇਕੱਲਾ ਜਵਾਬ ਸੰਵਾਦ ਹੈ, ਹਾਲਾਂਕਿ ਇਸ ਸਮੇਂ ਇਹ ਮੁਸ਼ਕਿਲ ਲੱਗ ਸਕਦਾ ਹੈ।’’ ਭਾਰਤ ਨੇ ਕਿਹਾ, ‘‘ਸ਼ਾਂਤੀ ਦੇ ਮਾਰਗ ’ਤੇ ਸਾਨੂੰ ਕੂਟਨੀਤੀ ਦੇ ਸਾਰੇ ਰਸਤੇ ਖੁੱਲ੍ਹੇ ਰੱਖਣ ਦੀ ਲੋੜ ਹੈ।’’ ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਬਦਲ ਰਹੀ ਸਥਿਤੀ ਦੇ ਮੱਦੇਨਜ਼ਰ ਭਾਰਤ ਨੇ ਇਸ ਮਤੇ ’ਤੇ ਦੂਰੀ ਬਣਾਉਣ ਦਾ ਫ਼ੈਸਲਾ ਲਿਆ ਹੈ। ਉੱਧਰ, ਰੂਸ ਦੇ ਸਥਾਈ ਪ੍ਰਤੀਨਿਧ ਵੈਸਿਲੀ ਨੈਬੇਂਜ਼ੀਆ ਨੇ ਵੋਟਿੰਗ ਤੋਂ ਪਹਿਲਾਂ ਕਿਹਾ ਕਿ ਰੈਫਰੈਂਡਮ ਦੇ ਨਤੀਜੇ ਬੋਲਦੇ ਹਨ ਕਿ ਇਨ੍ਹਾਂ ਖੇਤਰਾਂ ਦੇ ਵਸਨੀਕ ਯੂਰਕੇਨ ਵਿੱਚ ਪਰਤਣਾ ਨਹੀਂ ਚਾਹੁੰਦੇ। -ਪੀਟੀਆਈ
ਪੂਤਿਨ ਵੱਲੋਂ ‘ਦੋਹਰੇ ਮਾਪਦੰਡ’ ਲਈ ਪੱਛਮ ਤੇ ਅਮਰੀਕਾ ਦੀ ਆਲੋਚਨਾ
ਮਾਸਕੋ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਦੁਨੀਆ ਨੂੰ ਪੱਛਮ ਦੀ ਬਸਤੀਵਾਦੀ ਨੀਤੀ, ਭਾਰਤ ਤੇ ਅਫਰੀਕਾ ਦੀ ਲੁੱਟ ਕਰਨ, ਗੁਲਾਮਾਂ ਦੇ ਵਪਾਰ ਅਤੇ ਅਮਰੀਕਾ ਵੱਲੋਂ ਪਰਮਾਣੂ ਤੇ ਰਸਾਇਣਕ ਹਥਿਆਰਾਂ ਦੇ ਇਸਤੇਮਾਲ ਬਾਰੇ ਚੇਤਾ ਕਰਵਾਇਆ। ਉਨ੍ਹਾਂ ਇਸ ਦੇ ਨਾਲ ਹੀ ਪੱਛਮੀ ਦੇਸ਼ਾਂ ਦੀ ਨਿਯਮ ਆਧਾਰਤ ਆਲਮੀ ਵਿਵਸਥਾ ’ਤੇ ਜ਼ੋਰ ਨੂੰ ‘ਅੱਵਲ ਦਰਜੇ ਦਾ ਧੋਖਾ’ ਕਰਾਰ ਦਿੱਤਾ ਅਤੇ ਉਨ੍ਹਾਂ ਦੇ ‘ਦੋਹਰੇ ਮਾਪਦੰਡ’ ਦੀ ਆਲੋਚਨਾ ਕੀਤੀ। ਪੂਤਿਨ ਨੇ ਇਹ ਟਿੱਪਣੀ ਕ੍ਰੈਮਲਿਨ ਨੇੜੇ ਸੇਂਟ ਜੌਰਜ ਹਾਲ ਵਿੱਚ ਸ਼ੁੱਕਰਵਾਰ ਨੂੰ ਦਿੱਤੇ ਇਕ ਰਸਮੀ ਭਾਸ਼ਣ ਵਿੱਚ ਕੀਤੀ। ਉਨ੍ਹਾਂ ਨੇ ਇਹ ਭਾਸ਼ਣ ਯੂਕਰੇਨ ਦੇ ਬਾਗੀ ਚਾਰ ਖੇਤਰਾਂ ਲੁਹਾਂਸਕ, ਦੋਨੇਤਸਕ, ਖਰਸੋਨ ਅਤੇ ਜ਼ੈਪੋਰੀਜ਼ੀਆ ਵਿੱਚ ਕਥਿਤ ਰੈਫਰੈਂਡਮ ਦੇ ਕਈ ਦਿਨਾਂ ਬਾਅਦ ਦਿੱਤਾ ਹੈ ਜਿਸ ਨੂੰ ਯੂਕਰੇਨ ਤੇ ਪੱਛਮੀ ਦੇਸ਼ ਖਾਰਜ ਕਰ ਚੁੱਕੇ ਹਨ। ਪੂਤਿਨ ਨੇ ਕਿਹਾ, ‘‘ਅਸੀਂ ਸਭ ਸੁਣ ਰਹੇ ਹਾਂ ਕਿ ਪੱਛਮ ਨਿਯਮ ਆਧਾਰਤ ਵਿਵਸਥਾ ’ਤੇ ਜ਼ੋਰ ਦੇ ਰਿਹਾ ਹੈ। ਹਾਲਾਂਕਿ, ਇਹ ਕਿੱਥੋਂ ਆਉਂਦਾ ਹੈ? ਕਿਸੇ ਨੇ ਇਨ੍ਹਾਂ ਨਿਯਮਾਂ ਨੂੰ ਕਦੇ ਦੇਖਿਆ ਹੈ? ਕਿਸ ਨੇ ਇਨ੍ਹਾਂ ’ਤੇ ਸਹਿਮਤੀ ਜਤਾਈ ਹੈ ਜਾਂ ਮਨਜ਼ੂਰੀ ਦਿੱਤੀ ਹੈ? ਸੁਣੋ, ਇਹ ਪੂਰੀ ਤਰ੍ਹਾਂ ਬਕਵਾਸ, ਧੋਖੇਬਾਜ਼ੀ ਅਤੇ ਦੋਹਰਾ ਮਾਪਦੰਡ ਹੈ, ਇੱਥੋਂ ਤੱਕ ਕਿ ਤੀਹਰਾ ਮਾਪਦੰਡ ਹੈ। ਉਹ ਸਮਝਦੇ ਹਨ ਕਿ ਅਸੀਂ ਬੇਵਕੂਫ ਹਾਂ।’’ -ਪੀਟੀਆਈ