ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਅਕੂਤਬਰ
ਦੂਜੇ ਸੂਬਿਆਂ ਤੋਂ ਲਿਆਂਦੇ ਝੋਨੇ ਦੀ ਪੰਜਾਬ ’ਚ ਰੋਕਥਾਮ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਸਮੂਹ ਸਬੰਧਤ ਅਤੇ ਸਮਰੱਥ ਅਧਿਕਾਰੀਆਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਇਸੇ ਕੜੀ ਵਜੋਂ ਪਟਿਆਲਾ ਦੀ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਝੋਨੇ ਜਾਂ ਚੌਲਾਂ ਦੀ ਬੋਗਸ ਖਰੀਦ/ਗ਼ੈਰਕਾਨੂੰਨੀ ਰੀਸਾਇਕਲਿੰਗ ਦੇ ਖਦਸ਼ਿਆਂ ਦੇ ਮੱਦੇਨਜ਼ਰ ਉਡਣ ਦਸਤੇ ਗਠਿਤ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਵੱਲੋਂ ਪ੍ਰਾਪਤ ਹਦਾਇਤਾਂ ਮੁਤਾਬਕ ਦੂਜੇ ਰਾਜਾਂ ਤੋਂ ਅਣਅਧਿਕਾਰਤ ਆਉਣ ਵਾਲੇ ਝੋਨੇ ਜਾਂ ਚਾਵਲ ਦੀ ਆਮਦ ਅਤੇ ਗ਼ੈਰਕਾਨੂੰਨੀ ਗਤੀਵਿਧੀਆਂ ਰੋਕਣ ਲਈ ਅਤੇ ਮੰਡੀਆਂ ਦੀ ਚੈਕਿੰਗ ਕਰਨ ਲਈ ਪਟਿਆਲਾ ਵਿੱਚ ਵੱਖ-ਵੱਖ ਵਿਭਾਗਾਂ ਤੇ ਪੁਲੀਸ ਦੇ ਅਧਿਕਾਰੀਆਂ ਨੂੰ ਸ਼ਾਮਲ ਕਰ ਕੇ ਐੱਸ.ਡੀ.ਐੱਮਜ਼ ਦੀ ਅਗਵਾਈ ਹੇਠ ਉਡਣ ਦਸਤਿਆਂ ਦਾ ਗਠਨ ਕੀਤਾ ਗਿਆ ਹੈ। ਇਹ ਹੁਕਮ ਜ਼ਿਲ੍ਹਾ ਪੁਲੀਸ ਮੁਖੀ, ਸਮੂਹ ਐੱਸ.ਡੀ.ਐੱਮਜ਼, ਜ਼ਿਲ੍ਹਾ ਮੰਡੀ ਅਫ਼ਸਰ, ਸਹਾਇਕ ਕਮਿਸ਼ਨਰ, ਕਰ ਅਤੇ ਆਬਕਾਰੀ ਵਿਭਾਗ/ਜੀ.ਐੱਸ.ਟੀ. ਵਿੰਗ, ਪਟਿਆਲਾ, ਜ਼ਿਲ੍ਹਾ ਕੰਟਰੋਲਰ, ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ, ਸਮੂਹ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਵੀ ਭੇਜ ਕੇ ਅਗਲੇਰੀ ਕਾਰਵਾਈ ਕਕਨ ਦੇ ਨਿਰਦੇਸ਼ ਦਿੱਤੇ ਗਏ ਹਨ। ਡੀਸੀ ਨੇ ਕਿਹਾ ਕਿ ਇਹ ਉਡਣ ਦਸਤੇ ਹਰੇਕ ਮਾਰਕੀਟ ਕਮੇਟੀ ਪੱਧਰ ’ਤੇ ਦੂਜੇ ਰਾਜਾਂ ਤੋਂ ਆਉਣ ਵਾਲੇ ਅਣ-ਅਧਿਕਾਰਤ ਝੋਨੇ/ਚਾਵਲ ਦੀ ਚੈਕਿੰਗ ਕਰਨਗੇ ਅਤੇ ਮਾਰਕੀਟ ਕਮੇਟੀ ਪੱਧਰ ਦੀਆਂ ਮੰਡੀਆਂ ਵਿੱਚ, ਖਾਸ ਤੌਰ ’ਤੇ ਰੋਜ਼ਾਨਾ ਸ਼ਾਮ ਜਾਂ ਰਾਤ ਦੇ ਸਮੇਂ ਚੈਕਿੰਗ ਕਰਦੇ ਹੋਏ ਗ਼ੈਰਕਾਨੂੰਨੀ ਝੋਨੇ ਅਤੇ ਚਾਵਲ ਦੇ ਮਿਲਣ ਵਾਲੇ ਟਰੱਕ ਜਾਂ ਗੁਦਾਮ ਜ਼ਬਤ ਕਰ ਕੇ ਕਾਨੂੰਨੀ ਕਾਰਵਾਈ ਕਰਦੇ ਹੋਏ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਭੇਜਣਗੇ।
ਹਰਿਆਣਾ ਤੇ ਦੂਜੇ ਰਾਜਾਂ ਤੋਂ ਝੋਨੇ ਦੀ ਜ਼ਿਲ੍ਹੇ ’ਚ ਆਮਦ ਰੋਕਣ ਲਈ ਵਿਸ਼ੇਸ਼ ਨਾਕਾਬੰਦੀ
ਪਟਿਆਲਾ: ਝੋਨੇ ਦੀ ਸਰਕਾਰੀ ਖਰੀਦ ਦੀ ਸੂਬਾਈ ਪੱਧਰ ’ਤੇ ਪਟਿਆਲਾ ਜ਼ਿਲ੍ਹੇ ਵਿੱਚੋਂ ਸ਼ੁਰੂਆਤ ਹੋਣ ਮਗਰੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਮੂਹ ਸਬੰਧਤ ਵਿਭਾਗਾਂ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਤਾਕੀਦ ਆਖੀ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਮਾਣ ਵਾਲੀ ਗੱਲ ਹੈ ਕਿ ਰਾਜ ਸਰਕਾਰ ਨੇ ਝੋਨੇ ਦੀ ਖਰੀਦ ਸਬੰਧੀ ਆਪਣੇ ਸੀਜਨ ਦੇ ਆਗਾਜ਼ ਲਈ ਪਟਿਆਲਾ ਜ਼ਿਲ੍ਹੇ ਦੀ ਚੋਣ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਾਰਦਾਨਾ, ਟਰਾਂਸਪੋਰਟ ਤੇ ਭੰਡਾਰਨ ਸਮੇਤ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਚਾਲੂ ਖਰੀਫ਼ ਸੀਜ਼ਨ ਦੌਰਾਨ ਜ਼ਿਲ੍ਹੇ ਭਰ ’ਚ ਕਰੀਬ 16 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਦੀ ਸੰਭਾਵਨਾ ਹੈ। ਜ਼ਿਲ੍ਹਾ ਮੰਡੀ ਅਫਸਰ ਅਜੈਪਾਲ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਜ਼ਿਲ੍ਹੇ ਅੰਦਰ 101 ਮੰਡੀਆਂ ਖਰੀਦ ਕੇਂਦਰਾਂ ਵਜੋਂ ਅਧਿਸੂਚਿਤ ਕਰ ਦਿੱਤੀਆਂ ਗਈਆਂ ਹਨ ਜਦਕਿ 73 ਆਰਜ਼ੀ ਖਰੀਦ ਕੇਂਦਰ ਬਣਾਏ ਹਨ। ਫ਼ਸਲ ਦੀ ਆਮਦ ਸ਼ੁਰੂ ਹੋਣ ਕਰਕੇ ਰਾਜਪੁਰਾ ਅਤੇ ਸਮਾਣਾ ਸਮੇਤ ਕੁਝ ਹੋਰ ਮੰਡੀਆਂ ਵਿੱਚ ਖਰੀਦ ਵੀ ਸ਼ੁਰੂ ਹੋ ਗਈ ਹੈ। ਡੀਐੱਫਐੱਸਸੀ ਡਾ. ਰਵਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹੇ ’ਚ ਭਾਰਤੀ ਖੁਰਾਕ ਨਿਗਮ, ਪਨਗ੍ਰੇਨ, ਮਾਰਕਫ਼ੈਡ, ਪਨਸਪ ਤੇ ਪੰਜਾਬ ਰਾਜ ਗੋਦਾਮ ਨਿਗਮ ਵੱਲੋਂ ਖਰੀਦ ਕਾਰਜ ਕੀਤੇ ਜਾਣਗੇ। ਡੀਐੱਮਓ ਅਜੇਪਾਲ ਬਰਾੜ ਨੇ ਹੋਰ ਦੱਸਿਆ ਕਿ ਅਨਾਜ ਮੰਡੀਆਂ ’ਚ ਸਫ਼ਾਈ, ਪਾਣੀ, ਪਖਾਨੇ, ਤਰਪਾਲਾਂ ਤੇ ਲਾਈਟਾਂ ਸਮੇਤ ਹੋਰ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਨਮੀ ਮਾਪਕ ਯੰਤਰਾਂ ਦੀ ਵਿਸ਼ੇਸ਼ ਤੌਰ ’ਤੇ ‘ਕੈਲੀਬ੍ਰੇਸ਼ਨ’ ਕੀਤੀ ਗਈ ਹੈ ਅਤੇ ਮੰਡੀ ਦੇ ਗੇਟ ’ਤੇ ਹੀ ਇਹ ਮੀਟਰ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਮੰਡੀਆਂ ਵਿੱਚ ਗਿੱਲਾ ਝੋਨਾ ਨਾ ਲਿਆਂਦਾ ਜਾਵੇ, ਕਿਉਂਕਿ ਵੱਧ ਨਮੀ ਵਾਲਾ ਝੋਨਾ ਵਾਪਸ ਮੋੜ ਦਿੱਤਾ ਜਾਵੇਗਾ।
-ਖੇਤਰੀ ਪ੍ਰਤੀਨਿਧ