ਮਨੋਜ ਸ਼ਰਮਾ
ਬਠਿੰਡਾ, 1 ਅਕਤੂਬਰ
ਚਮੜੀ ਰੋਗ ਦੇ ਮੱਦੇਨਜ਼ਰ ਪਸ਼ੂ ਮੰਡੀਆਂ ਨੂੰ ਮੁੜ ਖੋਲ੍ਹਣ ਵਿਰੁੱਧ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਨੂੰ ਅਣਗੌਲਿਆਂ ਕਰਦੇ ਹੋਏ ਕਿਸਾਨਾਂ, ਵਪਾਰੀਆਂ ਅਤੇ ਏਜੰਟਾਂ ਨੇ ਬਠਿੰਡਾ ਦੇ ਰਾਮਪੁਰਾ ਫੂਲ ਬਲਾਕ ਵਿੱਚ ਪਸ਼ੂ ਮੰਡੀ ਨੂੰ ਅੱਜ ਮੁੜ ਖੋਲ੍ਹ ਦਿੱਤਾ। ਇੱਥੇ ਅੱਜ 2000 ਤੋਂ ਵੱਧ ਪਸ਼ੂ ਵੇਚਣ ਲਈ ਲਿਆਂਦੇ ਗਏ ਸਨ। ਪਸ਼ੂ ਪਾਲਣ ਵਿਭਾਗ ਦੇ ਰਿਕਾਰਡ ਅਨੁਸਾਰ ਜ਼ਿਲ੍ਹੇ ਵਿੱਚ ਪਿਛਲੇ ਹਫ਼ਤੇ ਦੌਰਾਨ ਚਮੜੀ ਦੀ ਬਿਮਾਰੀ ਦੇ 150 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।
ਹਾਲਾਂਕਿ, ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲੀਸ ਬਲ ਅਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਵਰਤੋਂ ਕਰਕੇ ਬਠਿੰਡਾ ਜ਼ਿਲ੍ਹੇ ਦੇ ਮੌੜ ਅਤੇ ਮਾਨਸਾ ਦੇ ਸਰਦੂਲਗੜ੍ਹ ਵਿੱਚ ਹਾਲ ਹੀ ਵਿੱਚ ਕਿਸਾਨਾਂ ਨੂੰ ਪਸ਼ੂ ਮੰਡੀਆਂ ਨੂੰ ਦੁਬਾਰਾ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਇਥੇ ਅੱਜ ਇੱਥੇ ਪਸ਼ੂ ਧਨ ਵਿਚ ਪੈ ਰਹੇ ‘ਵੱਡੇ ਨੁਕਸਾਨ’ ਦਾ ਹਵਾਲਾ ਦਿੰਦੇ ਹੋਏ ਕਿਸਾਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਪਸ਼ੂ ਪਾਲਣ ਵਿਭਾਗ ਦੀ ਨੱਕ ਹੇਠ ਪਸ਼ੂ ਮੰਡੀ ਨੂੰ ਦੁਬਾਰਾ ਖੋਲ੍ਹਣ ਵਿਚ ਕਾਮਯਾਬ ਰਹੇ। ਅੱਜ ਇਸ ਮੌਕੇ ਉੱਤਰੀ ਰਾਜਾਂ ਤੋਂ ਵਪਾਰੀ ਮੰਡੀ ਵਿੱਚ ਆਏ ਅਤੇ ਲਿਆਂਦੇ ਗਏ ਅੱਧੇ ਤੋਂ ਵੱਧ ਪਸ਼ੂ ਵਿਕ ਗਏ।
ਸ਼ਨਿਚਰਵਾਰ ਨੂੰ ਰਾਮਪੁਰਾ ਵਿੱਚ 2000 ਤੋਂ ਵੱਧ ਪਸ਼ੂ ਮੰਡੀ ਵਿੱਚ ਵੇਚਣ ਲਈ ਲਿਆਂਦੇ ਗਏ ਅਤੇ ਇਨ੍ਹਾਂ ਵਿੱਚੋਂ 50 ਫੀਸਦੀ ਦੇ ਕਰੀਬ ਸ਼ਾਮ ਤੱਕ ਵਿਕ ਗਏ। ਇੱਕ ਕਿਸਾਨ ਆਗੂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਅਸੀਂ ਪ੍ਰਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਨਹੀਂ ਕਰਨਾ ਚਾਹੁੰਦੇ ਪਰ ਬੇਵੱਸ ਹਾਂ ਅਤੇ ਨੁਕਸਾਨ ਝੱਲਣਾ ਪੈ ਰਿਹਾ। ਇਸ ਕਾਰਨ ਉਹ ਮਜਬੂਰ ਹਨ। ਲੋਕਾਂ ਨੇ ਮੰਗ ਕੀਤੀ ਕਿ ਪਸ਼ੂਆਂ ਵਿੱਚ ਐੱਲਐੱਸਡੀ ਦੇ ਮਾਮਲੇ ਹੁਣ ਲਗਪਗ ਨਾ-ਮਾਤਰ ਹਨ ਅਤੇ ਇਹ ਸਮਾਂ ਆ ਗਿਆ ਹੈ ਕਿ ਰਾਜ ਸਰਕਾਰ ਰਾਜ ਵਿੱਚ ਪਸ਼ੂ ਮੰਡੀਆਂ ਨੂੰ ਮੁੜ ਖੋਲ੍ਹਣ ਬਾਰੇ ਇੱਕ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰੇ।
ਕਿਸਾਨ ਜ਼ਬਰਦਸਤੀ ਪਸ਼ੂ ਮੰਡੀਆਂ ਖੋਲ੍ਹ ਰਹੇ ਨੇ: ਨੋਡਲ ਅਫ਼ਸਰ
ਇੱਥੇ ਗੱਲਬਾਤ ਕਰਦਿਆਂ ਲੰਪੀ ਸਕਿਨ (ਐੱਲਐੱਸਡੀ) ਦੇ ਰਾਜ ਨੋਡਲ ਅਫਸਰ ਡਾ. ਰਾਮਪਾਲ ਨੇ ਕਿਹਾ ਕਿ ਸਰਕਾਰ ਵੱਲੋਂ ਪਸ਼ੂ ਮੰਡੀਆਂ ਨੂੰ ਮੁੜ ਖੋਲ੍ਹਣ ਲਈ ਕੋਈ ਆਦੇਸ਼ ਜਾਂ ਨੋਟੀਫਿਕੇਸ਼ਨ ਨਹੀਂ ਹੈ ਪਰ ਕਿਸਾਨ ਜ਼ਬਰਦਸਤੀ ਪਸ਼ੂ ਮੰਡੀਆਂ ਨੂੰ ਦੁਬਾਰਾ ਖੋਲ੍ਹ ਰਹੇ ਹਨ। ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਕੇਸਾਂ ਵਿੱਚ ਕਾਫ਼ੀ ਕਮੀ ਆਈ ਹੈ ਪਰ ਸੂਬੇ ਵਿੱਚ ਇਹ ਬਿਮਾਰੀ ਪੂਰੀ ਤਰ੍ਹਾਂ ਨਾਲ ਖ਼ਤਮ ਨਹੀਂ ਹੋਈ ਹੈ। ਉਨ੍ਹਾਂ ਕਿਸਾਨਾਂ ਨੂੰ ਸਥਿਤੀ ਪੂਰੀ ਤਰ੍ਹਾਂ ਠੀਕ ਹੋਣ ਤੋਂ ਤਕ ਸਬਰ ਰੱਖਣ ਅਤੇ ਸੰਜ਼ਮ ਵਰਤਣ ਦੀ ਲੋੜ ’ਤੇ ਜ਼ੋਰ ਦਿੱਤਾ ।
ਡੀਡੀਪੀਓ ਤੋਂ ਰਿਪੋਰਟ ਮੰਗੀ: ਡੀਸੀ
ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਸਬੰਧਤ ਖੇਤਰ ਦੇ ਡੀਡੀਪੀਓ ਤੋਂ ਇਸ ਦੀ ਰਿਪੋਰਟ ਮੰਗੀ ਗਈ ਹੈ। ਇਸ ਅਨੁਸਾਰ ਵਿਭਾਗ ਦੇ ਠੇਕੇਦਾਰ ਨੇ ਇਸ ਮੰਡੀ ਨੂੰ ਨਹੀਂ ਖੋਲ੍ਹਿਆ ਸਗੋਂ ਕਿਸੇ ਵਿਅਕਤੀ ਨੇ ਆਪਣੇ ਤੌਰ ’ਤੇ ਹੀ ਇਸ ਮੰਡੀ ਨੂੰ ਖੋਲ੍ਹ ਦਿੱਤਾ। ਉਨ੍ਹਾਂ ਡੀਡੀਪੀਓ ਨੂੰ ਨਿਰਦੇਸ਼ ਦਿੱਤੇ ਕਿ ਉਸ ਵਿਅਕਤੀ ਦੀ ਪਛਾਣ ਕੀਤੀ ਜਾਵੇ ਤਾਂ ਜੋ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ ।