ਨਵੀਂ ਦਿੱਲੀ, 1 ਅਕਤੂਬਰ
ਵਿੱਤ ਮੰਤਰਾਲੇ ਨੇ ਅੱਜ ਕਿਹਾ ਕਿ ਸਤੰਬਰ ਦਾ ਜੀਐਸਟੀ ਮਾਲੀਆ ਲਗਾਤਾਰ ਸੱਤਵੇਂ ਮਹੀਨੇ 1.40 ਲੱਖ ਕਰੋੜ ਰੁਪਏ ਤੋਂ ਉਪਰ ਰਿਹਾ ਜੋ ਪਿਛਲੇ ਸਾਲ ਦੇ ਮੁਕਾਬਲੇ 26 ਫੀਸਦੀ ਵੱਧ ਹੈ। ਇਹ ਕਰ ਮਾਲੀਏ ਵਿੱਚ ਤੇਜ਼ੀ ਅਤੇ ਜੀਐੱਸਟੀ ਪੋਰਟਲ ਦੀ ਸਥਿਰਤਾ ਨੂੰ ਦਰਸਾਉਂਦਾ ਹੈ। ਸੂਤਰਾਂ ਮੁਤਾਬਕ ਤਿਉਹਾਰਾਂ ਦੇ ਮੱਦੇਨਜ਼ਰ ਆਉਣ ਵਾਲੇ ਮਹੀਨਿਆਂ ਵਿੱਚ ਕਰ ਵਸੂਲੀ ਵਿੱਚ ਹੋਰ ਵਾਧਾ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਸਤੰਬਰ 2022 ਵਿੱਚ ਕੁੱਲ ਜੀਐਸਟੀ ਮਾਲੀਆ 1,47,686 ਕਰੋੜ ਰੁਪਏ ਰਿਹਾ, ਜਿਸ ਵਿੱਚ ਕੇਂਦਰੀ ਜੀਐਸਟੀ 25,271 ਕਰੋੜ ਰੁਪਏ, ਰਾਜ ਜੀਐਸਟੀ 31,813 ਕਰੋੜ ਰੁਪਏ, ਸੰਗਠਿਤ ਜੀਐਸਟੀ 80,464 ਕਰੋੜ ਰੁਪਏ ਅਤੇ ਸੈੱਸ 10,127 ਕਰੋੜ ਰੁਪਏ ਸ਼ਾਮਲ ਹਨ।
ਅਪਰੈਲ ਵਿੱਚ ਜੀਐਸਟੀ ਮਾਲੀਆ ਰਿਕਾਰਡ 1.67 ਲੱਖ ਕਰੋੜ ਰੁਪਏ ਅਤੇ ਅਗਸਤ ਵਿੱਚ 1.43 ਲੱਖ ਕਰੋੜ ਰੁਪਏ ਰਿਹਾ। ਸਤੰਬਰ ਦਾ ਮਾਲੀਆ ਪਿਛਲੇ ਸਾਲ ਦੇ ਮੁਕਾਬਲੇ 27 ਫੀਸਦੀ ਵੱਧ ਹੈ। 20 ਸਤੰਬਰ ਦੂਜਾ ਸਭ ਤੋਂ ਵੱਧ ਮਾਲੀਆ ਵਾਲਾ ਦਿਨ ਬਣ ਗਿਆ ਹੈ। ਇਸ ਦਿਨ 49,453 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ। ਇਸ ਤੋਂ ਪਹਿਲਾਂ 20 ਜੁਲਾਈ ਨੂੰ 57,846 ਕਰੋੜ ਰੁਪਏ ਪ੍ਰਾਪਤ ਹੋਏ ਸਨ। ਮੰਤਰਾਲੇ ਨੇ ਕਿਹਾ, ‘‘ਇਹ ਸਪੱਸ਼ਟ ਤੌਰ ’ਤੇ ਦਰਸਾਉਂਦਾ ਹੈ ਕਿ ਜੀਐਸਟੀਐੱਨ ਦੀ ਦੇਖਰੇਖ ਵਾਲਾ ਜੀਐਸਟੀ ਪੋਰਟਲ ਪੂਰੀ ਤਰ੍ਹਾਂ ਸਥਿਰ ਹੈ।’’ -ਪੀਟੀਆਈ