ਪੇਈਚਿੰਗ, 2 ਅਕਤੂਬਰ
ਕੋਵਿਡ ਮਹਾਮਾਰੀ ਦੇ ਦੋ ਸਾਲਾਂ ਮਗਰੋਂ ਚੀਨ ਦੇ ਚਾਓਯਾਂਗ ਪਾਰਕ ’ਚ ਗਾਂਧੀ ਜੈਅੰਤੀ ਮਨਾਈ ਗਈ। ਇਸ ਮੌਕੇ ਚੀਨੀ ਸਕੂਲ ਦੇ ਬੱਚਿਆਂ ਅਤੇ ਭਾਰਤੀ ਪਰਵਾਸੀਆਂ ਨੇ ਬਾਪੂ ਦੇ ਭਜਨ ਗਾਏ। ਪਾਰਕ ’ਚ 2005 ’ਚ ਮਹਾਤਮਾ ਗਾਂਧੀ ਦਾ ਬੁੱਤ ਲਗਾਇਆ ਗਿਆ ਸੀ ਅਤੇ ਉਦੋਂ ਤੋਂ ਗਾਂਧੀ ਜੈਅੰਤੀ ਮਨਾਈ ਜਾ ਰਹੀ ਹੈ। ਉੱਘੇ ਬੁੱਤਘਾੜੇ ਯੁਆਨ ਸ਼ਿਕੁਨ ਨੇ ਬਾਪੂ ਦਾ ਬੁੱਤ ਤਿਆਰ ਕੀਤਾ ਹੈ। ਯੁਆਨ ਨੇ ਚੀਨ ਸਮੇਤ ਦੁਨੀਆ ਦੇ ਵੱਡੇ ਅਤੇ ਮਸ਼ਹੂਰ ਆਗੂਆਂ ਦੇ ਬੁੱਤ ਤਿਆਰ ਕੀਤੇ ਹਨ। ਭਾਰਤੀ ਸਫ਼ੀਰ ਪ੍ਰਦੀਪ ਕੁਮਾਰ ਰਾਵਤ ਨੇ ਕਿਹਾ ਕਿ ਮਹਾਤਮਾ ਗਾਂਧੀ ਵੱਲੋਂ ਦਿੱਤਾ ਗਿਆ ਅਹਿੰਸਾ ਦਾ ਸੁਨੇਹਾ ਮਨੁੱਖਤਾ, ਜਾਨਵਰਾਂ ਅਤੇ ਕੁਦਰਤ ’ਤੇ ਵੀ ਲਾਗੂ ਹੁੰਦਾ ਹੈ। ਯੁਆਨ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਗਾਂਧੀ ਦਾ ਬੁੱਤ ਭਾਰਤ ਅਤੇ ਚੀਨ ਦੇ ਲੋਕਾਂ ਵਿਚਕਾਰ ਦੋਸਤੀ ਦਾ ਪ੍ਰਤੀਕ ਹੈ। ਇਸ ਮੌਕੇ ਬੱਚੇ ਅਤੇ ਹੋਰ ਅਮਲਾ ਗਾਂਧੀ ਦੇ ਭੇਸ ’ਚ ਤਿਆਰ ਹੋਇਆ ਅਤੇ ਉਨ੍ਹਾਂ ਦੇ ਮਸ਼ਹੂਰ ਕਥਨਾਂ ਨੂੰ ਬੋਲ ਕੇ ਵਾਹ-ਵਾਹੀ ਖੱਟੀ। -ਪੀਟੀਆਈ
ਗਾਂਧੀ ਵੱਲੋਂ ਦਿਖਾਏ ਰਾਹ ਤੋਂ ਥਿੜਕੀ ਦੁਨੀਆ: ਗੁਟੇਰੇਜ਼
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਜ਼ ਨੇ ਕਿਹਾ ਹੈ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਦੁਨੀਆ ਮਹਾਤਮਾ ਗਾਂਧੀ ਵੱਲੋਂ ਦਿਖਾਏ ਗਏ ਰਾਹ ਤੋਂ ਥਿੜਕ ਗਈ ਹੈ। ਉਨ੍ਹਾਂ ਮੁਲਕਾਂ ਨੂੰ ਅਪੀਲ ਕੀਤੀ ਕਿ ਉਹ ਗਰੀਬੀ, ਨਸਲਪ੍ਰਸਤੀ ਅਤੇ ਵਧ ਰਹੇ ਨਫ਼ਰਤੀ ਭਾਸ਼ਨਾਂ ਵਰਗੀਆਂ ਚੁਣੌਤੀਆਂ ਦੇ ਟਾਕਰੇ ਲਈ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਨੂੰ ਅਪਣਾਉਣ। ਗਾਂਧੀ ਜੈਅੰਤੀ ਮੌਕੇ ਕੌਮਾਂਤਰੀ ਅਹਿੰਸਾ ਦਿਵਸ ਮਨਾਇਆ ਜਾਂਦਾ ਹੈ ਅਤੇ ਗੁਟੇਰੇਜ਼ ਨੇ ਆਪਣੇ ਸੁਨੇਹੇ ’ਚ ਕਿਹਾ ਕਿ ਗਾਂਧੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਮਿਸਾਲਾਂ ਵਧੇਰੇ ਸ਼ਾਂਤਮਈ ਅਤੇ ਸਹਿਣਸ਼ੀਲ ਦੁਨੀਆ ਦਾ ਰਾਹ ਦਿਖਾਉਂਦੀਆਂ ਹਨ। ਗੁਟੇਰੇਜ਼ ਨੇ ਕਿਹਾ ਕਿ ਮੁਲਕ ਲੋਕਾਂ ਦੀ ਸਿਹਤ, ਸਿੱਖਿਆ, ਰੁਜ਼ਗਾਰ ਅਤੇ ਸਮਾਜਿਕ ਸੁਰੱਖਿਆ ’ਚ ਨਿਵੇਸ਼ ਕਰਕੇ ਮਹਾਤਮਾ ਗਾਂਧੀ ਦੇ ਸੁਨੇਹੇ ਨੂੰ ਪੂਰਾ ਕਰ ਸਕਦੇ ਹਨ। -ਪੀਟੀਆਈ