ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਅਕਤੂਬਰ
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਅਗਵਾਈ ਹੇਠ ਚਿੱਪ ਵਾਲੇ ਮੀਟਰ ਨਾ ਲੱਗਣ ਦੇ ਬਾਰੇ ਇਲਾਕੇ ਦੇ ਪੰਜ ਪਿੰਡਾਂ ਦੇ ਕਿਸਾਨ ਆਗੂਆਂ, ਵਰਕਰਾਂ ਅਤੇ ਹਮਖਿਆਲੀ ਲੋਕਾਂ ਦਾ ਇੱਕ ਵਫ਼ਦ ਐਸਡੀਓ ਅਮਨਦੀਪ ਸਿੰਘ ਅਤੇ ਐਕਸੀਅਨ ਜਸਵਿੰਦਰ ਸਿੰਘ ਡਿਵੀਜ਼ਨ ਲਲਤੋਂ ਕਲਾਂ ਨੂੰ ਮਿਲਿਆ। ਵਫਦ ਵਿੱਚ ਸ਼ਾਮਲ ਆਗੂਆਂ ਸੰਤ ਹਰਭਜਨ ਸਿੰਘ ਲਲਤੋਂ ਕਲਾਂ, ਪਰਮਿੰਦਰ ਸਿੰਘ ਝਾਂਡੇ, ਜਸਦੇਵ ਸਿੰਘ ਲਲਤੋਂ, ਨਛੱਤਰ ਸਿੰਘ ਪਮਾਲ ਅਤੇ ਬਲਵੀਰ ਸਿੰਘ ਬਿੱਲੂ ਸਿੱਧੂ ਨੇ ਦੋਸ਼ ਲਾਇਆ ਕਿ ਕੇਂਦਰੀ ਹਕੂਮਤ ਦੀਆਂ ਸੇਧਾਂ ਅਨੁਸਾਰ ਪੰਜਾਬ ਸਰਕਾਰ ਦੀ ਕਥਿਤ ਮਿਲੀਭੁਗਤ ਨਾਲ ਪਾਵਰਕੌਮ ਵੱਲੋਂ ਸਾਜਿਸ਼ੀ ਢੰਗ ਨਾਲ ਪਹਿਲਾਂ ਇਹ ਮੀਟਰ ਪਿੰਡਾਂ ਦੀਆਂ ਸਾਂਝੀਆਂ ਥਾਵਾਂ/ਪਾਣੀ ਵਾਲੀਆਂ ਟੈਂਕੀਆਂ, ਧਾਰਮਿਕ ਸਥਾਨਾਂ ਅਤੇ ਨਿੱਜੀ ਅਦਾਰਿਆਂ ਵਿੱਚ ਲਾਏ ਜਾਣਗੇ। ਇਸ ਤੋਂ ਬਾਅਦ ਘਰਾਂ ਵਿੱਚ ਚਿੱਪ ਵਾਲੇ ਸਮਾਰਟ ਮੀਟਰ ਲਾਏ ਜਾਣਗੇ।
ਇਸ ਮੌਕੇ ਹਾਜ਼ਰ ਆਗੂਆਂ ਨੇ ਸਬੰਧਤ ਅਧਿਕਾਰੀਆਂ ਨੂੰ ਚਿਤਾਵਨੀ ਪੱਤਰ ਸੌਂਪ ਕੇ ਇਹ ਸਿਲਸਿਲਾ ਨਾ ਛੇੜਨ ਦੀ ਮੰਗ ਕੀਤੀ ਗਈ। ਇਸ ਮੌਕੇ ਵਫ਼ਦ ਨੇ ਦੱਸਿਆ ਕਿ ਐਕਸੀਅਨ ਨੇ ਯਕੀਨ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਤੁਰੰਤ ਬਿਜਲੀ ਮਹਿਕਮੇ ਦੇ ਉੱਚ ਅਧਿਕਾਰੀਆਂ ਤੱਕ ਪਹੁੰਚਾ ਦਿੱਤਾ ਜਾਵੇਗਾ।