ਅਮਨਦੀਪ ਸਿੰਘ
ਰੁੱਖ ਚੰਦਰੇ ਭਾਵੇਂ ਨੀਂ ਬੋਲਦੇ
ਦੁੱਖ ਤੇਰਾ ਸਭ ਜਾਣਦੇ, ਨੀਂ ਜਿੰਦੇ ਮੇਰੀਏ!
ਕੀ ਰੁੱਖ ਵੀ ਭਾਵਨਾਵਾਂ ਨੂੰ ਮਹਿਸੂਸ ਕਰ ਸਕਦੇ ਹਨ? ਉਹ ਬੋਲ ਤਾਂ ਨਹੀਂ ਸਕਦੇ, ਪਰ ਕੀ ਰੁੱਖ ਵੇਖ ਸਕਦੇ ਹਨ? ਕੀ ਉਹ ਵੀ ਚੇਤਨ ਹੋ ਸਕਦੇ ਹਨ? ਕੀ ਉਹ ਵੀ ਦਰਦ ਮਹਿਸੂਸ ਕਰ ਸਕਦੇ ਹਨ?
ਛੂਈ-ਮੂਈ (Mimosa Pudica) ਦਾ ਪੌਦਾ, ਜੋ ਕਿ ਉਹ ਹੱਥ ਦੀ ਛੂਹ ਨਾਲ ਸੁੰਗੜ ਜਾਂਦਾ ਹੈ, ਸਭ ਨੂੰ ਬੜਾ ਚੰਗਾ ਲੱਗਦਾ ਹੈ। ਉਸ ਦੇ ਸੁੰਗੜਨ ਦਾ ਅਸਲ ਕਾਰਨ ਸਪਰਸ਼ ਕਰਕੇ ਉਸ ਦੀਆਂ ਪੱਤੀਆਂ ਤੇ ਟਾਹਣੀਆਂ ਵਿਚਲੇ ਖ਼ਾਸ ਸੈੱਲਾਂ ਵਿੱਚੋਂ ਪਾਣੀ ਦਾ ਤੇਜ਼ੀ ਨਾਲ ਛੁੱਟਣਾ ਹੈ। ਇਹ ਸਮਝਿਆ ਜਾਂਦਾ ਹੈ ਕਿ ਇਹ ਸ਼ਾਕਾਹਾਰੀ ਜਾਨਵਰਾਂ ਤੋਂ ਬਚਾਅ ਦਾ ਇੱਕ ਤਰੀਕਾ ਹੈ, ਤਾਂ ਜੋ ਉਹ ਇਕਦਮ ਪੌਦੇ ਦੇ ਸੁੰਗੜਨ ਕਾਰਨ ਡਰ ਕੇ ਲਾਂਭੇ ਹੋ ਜਾਣ। ਸਰੀਰਕ ਸਪਰਸ਼ ਤੋਂ ਹੋਣ ਵਾਲੀ ਉਕਸਾਹਟ ਤੋਂ ਇਲਾਵਾ ਇਸ ਦੀਆਂ ਪੱਤੀਆਂ ਰਾਤ ਨੂੰ ਮੁਰਝਾ ਜਾਂਦੀਆਂ ਹਨ ਤੇ ਦਿਨ ਦੇ ਚਾਨਣ ਨਾਲ ਮੁੜ ਜਾਗ ਜਾਂਦੀਆਂ ਹਨ। ਇਸ ਵਰਤਾਰੇ ਨੂੰ ਬਨਸਪਤੀ ਵਿਗਿਆਨਕ ਨਿਸ਼ਾਨੂਕੁੰਚੀ (Nyctinastic) ਗਤੀ ਕਹਿੰਦੇ ਹਨ। ਮੂਲ ਤੌਰ ’ਤੇ ਦੱਖਣੀ ਅਮਰੀਕਾ ਤੇ ਮੱਧ ਅਮਰੀਕਾ ਦੀ ਪੈਦਾਇਸ਼ ਇਹ ਪੌਦਾ ਟਰੌਪੀਕਲ ਤੇ ਗਰਮ ਖੇਤਰਾਂ ਵਿੱਚ ਮਿਲਦਾ ਹੈ।
ਇਸੇ ਤਰ੍ਹਾਂ ਕਈ ਪੌਦੇ ਸ਼ਿਕਾਰੀ ਵੀ ਹੁੰਦੇ ਹਨ, ਜੋ ਆਪਣੇ ਸ਼ਿਕਾਰ ਜੰਤੂਆਂ ਨੂੰ ਆਪਣੀਆਂ ਪੱਤੀਆਂ ਵਿੱਚ ਲਪੇਟ ਲੈਂਦੇ ਹਨ, ਤੇ ਫੇਰ ਆਪਣਾ ਭੋਜਨ ਬਣਾ ਲੈਂਦੇ ਹਨ। ਇੱਕ ਅਜਿਹਾ ਹੀ ਪੌਦਾ ਵੀਨਸ ਮੱਖੀ ਫੰਦਾ (Venus Flytrap – Dionaea muscipula) ਹੈ ਜੋ ਆਪਣਾ ਮੂੰਹ ਖੁੱਲ੍ਹਾ ਰੱਖਦਾ ਹੈ ਤੇ ਜਿਵੇਂ ਹੀ ਕੋਈ ਮੱਖੀ ਜਾਂ ਪਤੰਗਾ ਉਸ ’ਤੇ ਆ ਕੇ ਉਸ ਦਾ ਰਸ ਚੂਸਣ ਲੱਗਦਾ ਹੈ ਤਾਂ ਥੋੜ੍ਹੇ ਸਕਿੰਟਾਂ ਬਾਅਦ ਹੀ ਉਹ ਆਪਣਾ ਮੂੰਹ ਬੰਦ ਕਰਕੇ ਮੱਖੀ ਨੂੰ ਜਕੜ ਕੇ ਖਾ ਜਾਂਦਾ ਹੈ। ਜਦੋਂ ਵਿਗਿਆਨਕਾਂ (ਫਰੰਟੀਸੇਕ ਬਲੂਸਕਾ, ਬੋਨ ਯੂਨੀਵਰਸਿਟੀ ਤੇ ਉਸ ਦੇ ਸਹਿਯੋਗੀ) ਨੇ ਇੱਕ ਪ੍ਰਯੋਗ ਕਰਦੇ ਹੋਏ ਉਸ ਦੇ ਬੇਹੋਸ਼ੀ ਦਾ ਟੀਕਾ ਲਗਾਇਆ ਤਾਂ ਦਵਾਈ ਨੇ ਉਸ ਦਾ ਮੂੰਹ ਬੰਦ ਹੋਣ ਤੋਂ ਰੋਕ ਕੇ ਰੱਖਿਆ। ਪਰ ਜਿਵੇਂ ਹੀ ਦਵਾਈ ਦਾ ਅਸਰ ਖ਼ਤਮ ਹੋਇਆ ਤਾਂ ਪੌਦਾ ਜਾਗ ਪਿਆ ਤੇ ਮੁੜ ਤੋਂ ਮੱਖੀਆਂ ਫੜਨ ਲੱਗਿਆ। ਕੀ ਇਹ ਚੇਤਨਤਾ ਦੀ ਨਿਸ਼ਾਨੀ ਹੈ? ਜੇ ਅਸੀਂ ਇਹ ਸਾਬਤ ਕਰ ਦੇਈਏ ਕਿ ਰੁੱਖ ਵੀ ਚੇਤਨ ਹੁੰਦੇ ਹਨ, ਤਾਂ ਸਾਨੂੰ ਉਨ੍ਹਾਂ ਨਾਲ ਆਪਣਾ ਵਰਤਾਅ ਜੜ੍ਹ ਮੂਲ ਤੋਂ ਬਦਲਣਾ ਪਏਗਾ। ਸਾਨੂੰ ਰੁੱਖਾਂ ਪ੍ਰਤੀ ਪਿਆਰ ਭਰਿਆ ਰਵੱਈਆ ਅਖ਼ਤਿਆਰ ਕਰਨਾ ਪਏਗਾ।
ਜ਼ਮੀਨ ਦੇ ਥੱਲੇ ਪੌਦਿਆਂ ਦੀਆਂ ਜੜ੍ਹਾਂ ਤੋਂ ਇਲਾਵਾ ਇੱਕ ਕਿਸਮ ਦੀ ਕਾਈ ਦਾ ਜਾਲ ਫੈਲਿਆ ਹੁੰਦਾ ਹੈ, ਜੋ ਜੜ੍ਹਾਂ ਦੇ ਮਾਰਫ਼ਤ ਅਲੱਗ-ਅਲੱਗ ਰੁੱਖਾਂ ਨੂੰ ਆਪਸ ਵਿੱਚ ਜੋੜਦਾ ਹੈ। ਇਹ ਇੱਕ ਕਾਈ ਦਾ ਅਦਭੁੱਤ ਤੇ ਸੂਖਮ ਜਾਲ ਹੈ, ਵਿਗਿਆਨਕ ਜਿਸ ਨੂੰ ਮਾਈਸਿਲੀਅਮ (Mycelium) ਜਾਲ ਆਖਦੇ ਹਨ। ਮਾਈਸਿਲੀਅਮ ਇੱਕ ਤਰ੍ਹਾਂ ਦੇ ਮਹੀਨ ਧਾਗੇ ਹੁੰਦੇ ਹਨ, ਜੋ ਵੱਡੇ ਕਾਈ ਸੰਗਠਨ ਦਾ ਹਿੱਸਾ ਹੁੰਦੇ ਹਨ ਤੇ ਰੁੱਖਾਂ ਦੀਆਂ ਜੜ੍ਹਾਂ ਨਾਲ ਲਿਪਟੇ ਹੁੰਦੇ ਹਨ। ਮਾਈਸਿਲੀਅਮ ਮਿਲ ਕੇ ਮਾਇਕੋਰਾਇਜ਼ਲ ਜਾਲ ਬਣਾਉਂਦੇ ਹਨ, ਜੋ ਰੁੱਖਾਂ ਨੂੰ ਇੱਕ ਦੂਜੇ ਨਾਲ ਪਾਣੀ, ਨਾਈਟ੍ਰੋਜਨ, ਕਾਰਬਨ ਤੇ ਹੋਰ ਖਣਿਜ ਪਦਾਰਥਾਂ ਦੀ ਅਦਲਾ-ਬਦਲੀ ਦਾ ਜ਼ਰੀਆ ਬਣਦਾ ਹੈ। ਜਰਮਨੀ ਦੇ ਇੱਕ ਜੰਗਲਾਤ-ਅਫ਼ਸਰ ਨੇ ਇਸ ਜਾਲ ਨੂੰ ਕਾਠ ਜਾਲ ਦਾ ਨਾਂ ਦਿੱਤਾ ਹੈ ਕਿਉਂਕਿ ਉਸ ਅਨੁਸਾਰ ਇਸ ਜਾਲ ਦੇ ਮਾਰਫ਼ਤ ਰੁੱਖ ਇੱਕ ਦੂਜੇ ਨਾਲ ਸੰਪਰਕ ਕਰ ਸਕਦੇ ਹਨ। ਉਸ ਨੇ ਇਹ ਨਾਮ ਇੰਟਰਨੈੱਟ ਦੇ ਵਿਸ਼ਵ ਜਾਲ (Worldwide web) ਨਾਲ ਮਿਲਦਾ-ਜੁਲਦਾ ਦਿੱਤਾ ਹੈ, ਪਰ ਕਾਠ ਜਾਲ ਇੰਟਰਨੈੱਟ ਵਿਸ਼ਵ ਜਾਲ ਤੋਂ ਕਿਤੇ ਜ਼ਿਆਦਾ ਗੁੰਝਲਦਾਰ ਹੈ।
ਇੱਕ ਹਰੇ ਭਰੇ ਜੰਗਲ ਵਿੱਚ ਹਰ ਇੱਕ ਰੁੱਖ ਇੱਕ ਦੂਜੇ ਨਾਲ ਇਸ ਕਾਠ ਜਾਲ ਰਾਹੀਂ ਜੁੜਿਆ ਹੁੰਦਾ ਹੈ, ਜਿਸ ਨਾਲ ਉਹ ਇੱਕ ਦੂਸਰੇ ਨਾਲ ਆਪਣੀ ਖੁਰਾਕ ਸਾਂਝੀ ਕਰ ਸਕਦੇ ਹਨ। ਮਾਂ ਰੁੱਖ, ਆਪਣੇ ਬੱਚਿਆਂ ਨੂੰ ਖੁਰਾਕ ਦੇ ਸਕਦਾ ਹੈ। ਜੋ ਪੌਦੇ ਛਾਂ ਵਿੱਚ ਹੁੰਦੇ ਹਨ ਤੇ ਜਿਨ੍ਹਾਂ ਨੂੰ ਸੂਰਜ ਦੀ ਰੌਸ਼ਨੀ ਘੱਟ ਮਿਲਦੀ ਹੈ, ਵਧਣ-ਫੁੱਲਣ ਲਈ ਉਹ ਵੱਡੇ ਤੇ ਲੰਬੇ ਰੁੱਖਾਂ ਦੇ ਆਸਰੇ ’ਤੇ ਨਿਰਭਰ ਕਰਦੇ ਹਨ ਜੋ ਕਾਠ ਜਾਲ ਰਾਹੀਂ ਉਨ੍ਹਾਂ ਨੂੰ ਪੌਸ਼ਟਿਕ ਖਾਦ ਪਦਾਰਥ ਭੇਜ ਸਕਦੇ ਹਨ। ਇੰਗਲੈਂਡ ਦੀ ਇੱਕ ਯੂਨੀਵਰਸਿਟੀ ਦੀ ਖੋਜ ਅਨੁਸਾਰ ਡਗਲਸ-ਫਰ ਰੁੱਖ ਆਪਣੇ ਸਬੰਧੀ ਰੁੱਖਾਂ ਦੀਆਂ ਜੜ੍ਹਾਂ ਦੇ ਸੰਕੇਤ ਸਮਝ ਸਕਦੇ ਹਨ ਤੇ ਉਨ੍ਹਾਂ ਨੂੰ ਦੂਜਿਆਂ ਤੋਂ ਪਹਿਲਾਂ ਖੁਰਾਕ ਭੇਜਦੇ ਹਨ।
ਜੰਗਲ ਵਿੱਚ ਜਦੋਂ ਸ਼ਾਮ ਢਲਦੀ ਹੈ ਤਾਂ ਹੌਲੀ-ਹੌਲੀ ਰੁੱਖ ਇੱਕ ਦੂਜੇ ਨੂੰ ਅਜਿਹਾ ਕੁੱਝ ਕਹਿੰਦੇ ਹਨ, ਜਿਸ ਨਾਲ ਉਹ ਝੂਮਣ ਲੱਗ ਜਾਂਦੇ ਹਨ। ਵਲ਼ ਖਾਂਦੀਆਂ ਨਦੀਆਂ ਇਸ਼ਾਰੇ ਕਰਦੀਆਂ ਹਨ, ਉਨ੍ਹਾਂ ਦੇ ਨਿਰਮਲ ਜਲ ਨਾਲ ਬਨਸਪਤੀ ਪ੍ਰਫੁੱਲਿਤ ਹੁੰਦੀ ਹੈ, ਫੁੱਲ ਖਿੜਦੇ ਹਨ। ਇਹ ਕੁਦਰਤ ਦਾ ਇੱਕ ਰੂਹਾਨੀ ਵਰਤਾਰਾ ਹੈ। ਜਿਸ ਨੂੰ ਅੱਜ ਮਨੁੱਖ ਕੋਲੋਂ ਖ਼ਤਰਾ ਹੈ, ਜੋ ਆਪਣੇ ਫਾਇਦੇ ਲਈ ਰੁੱਖ ਵੱਢ ਰਿਹਾ ਹੈ, ਜੰਗਲ ਤਬਾਹ ਕਰ ਰਿਹਾ ਹੈ, ਬਨਸਪਤੀ ਤੇ ਜੀਵਾਂ ਨੂੰ ਘਰੋਂ ਬੇਘਰ ਕਰ ਰਿਹਾ ਹੈ। ਜਾਨਵਰਾਂ ਦੇ ਖ਼ਤਰਿਆਂ ਤੋਂ ਤਾਂ ਰੁੱਖ ਵਿਕਸਤ ਹੋ ਕੇ ਬਚਣ ਦਾ ਤਰੀਕਾ ਲੱਭ ਲੈਂਦੇ ਹਨ, ਪਰ ਮਨੁੱਖ ਦੇ ਹਮਲੇ ਬਹੁਤ ਮਾਰੂ ਹਨ, ਜਿਨ੍ਹਾਂ ਤੋਂ ਬਚਣ ਦੇ ਤਰੀਕੇ ਲੱਭਣ ਤੋਂ ਪਹਿਲਾਂ ਹੀ ਰੁੱਖ ਮਰ ਰਹੇ ਹਨ ਕਿਉਂਕਿ ਮਨੁੱਖ ਵੱਲੋਂ ਰੁੱਖਾਂ ਦੀ ਕੱਟ-ਵੱਢ ਤੇ ਵਾਤਾਵਰਣ ਵਿੱਚ ਬਦਲਾਅ ਉਨ੍ਹਾਂ ਦੇ ਨਾਜ਼ੁਕ ਕਾਠ-ਜਾਲ ਨੂੰ ਅਸਤ-ਵਿਅਸਤ ਕਰ ਰਿਹਾ ਹੈ।
ਬਲੂਸਕਾ ਅਨੁਸਾਰ ਵਿਗਿਆਨਕਾਂ ਨੇ ਇਹ ਵੀ ਲੱਭਿਆ ਹੈ ਕਿ ਰੁੱਖ ਦਰਦ ਨੂੰ ਰੋਕਣ ਵਾਲੇ ਪਦਾਰਥ ਦਾ ਉਤਪਾਦਨ ਕਰਦੇ ਹਨ। ਉਹ ਇਹ ਸੋਚਦੇ ਹਨ ਕਿ ਜੇ ਰੁੱਖ ਦਰਦ ਮਹਿਸੂਸ ਨਹੀਂ ਕਰਦੇ ਤਾਂ ਉਸ ਨੂੰ ਰੋਕਣ ਵਾਲਾ ਪਦਾਰਥ ਬਣਾਉਣ ਦੀ ਕੀ ਲੋੜ ਸੀ? ਇਸੇ ਤਰ੍ਹਾਂ ਇੱਕ ਹੋਰ ਖੋਜ ਅਨੁਸਾਰ ਦੱਖਣੀ ਅਮਰੀਕਾ ਵਿੱਚ ਇੱਕ ਵੇਲ ਮਿਲਦੀ ਹੈ ਜੋ ਉਸ ਰੁੱਖ ਜਾਂ ਝਾੜੀ ਦੀ ਸ਼ਕਲ ਅਖ਼ਤਿਆਰ ਕਰ ਲੈਂਦੀ ਜਿਸ ਉੱਤੇ ਉਹ ਚੜ੍ਹਦੀ ਹੈ। ਉਸ ਦੇ ਪੱਤੇ ਮੇਜ਼ਬਾਨ ਰੁੱਖ ਵਰਗੇ ਦਿੱਸਣ ਲੱਗਦੇ ਹਨ। ਫੇਰ ਇੱਕ ਖੋਜਕਾਰ ਨੇ ਪਲਾਸਟਿਕ ਦੇ ਪੱਤੇ ਬਣਾ ਕੇ ਉਸ ਵੇਲ ਨੂੰ ਉਨ੍ਹਾਂ ’ਤੇ ਚੜ੍ਹਾ ਦਿੱਤਾ ਤੇ ਸਮਝੋ ਇੱਕ ਤਰ੍ਹਾਂ ਦਾ ਚਮਤਕਾਰ ਹੋਇਆ ਤੇ ਵੇਲ ਦੇ ਪੱਤੇ ਪਲਾਸਟਿਕ ਦੇ ਬਣਾਉਟੀ ਪੱਤਿਆਂ ਵਰਗੇ ਹੋ ਗਏ। ਇਸ ਤੋਂ ਸਾਫ਼ ਲੱਗਦਾ ਹੈ ਕਿ ਰੁੱਖ ਵੇਖ ਵੀ ਸਕਦੇ ਹਨ। ਪਰ ਅਫ਼ਸੋਸ ਇਸ ਸਬੰਧੀ ਹੋਰ ਖੋਜ ਨਹੀਂ ਹੋ ਸਕੀ। ਪਰ ਇਹ ਤਾਂ ਸਾਫ਼ ਹੈ ਕਿ ਰੁੱਖ ਹਨੇਰੇ ਤੇ ਉਜਾਲੇ ਦੇ ਫ਼ਰਕ ਨੂੰ ਸਮਝਦੇ ਹਨ। ਉਹ ਰਾਤ ਨੂੰ ਸੌਂਦੇ ਵੀ ਹਨ ਤੇ ਦਿਨ ਚੜ੍ਹੇ ਜਾਗਦੇ ਵੀ ਹਨ। ਵਿਗਿਆਨਕ ਇੱਕ ਵਿਚਾਰ ਇਹ ਵੀ ਪੇਸ਼ ਕਰਦੇ ਹਨ ਕਿ ਰੁੱਖਾਂ ਦੇ ਪੱਤੇ ਅੱਖਾਂ ਵਾਂਗ ਵੀ ਕੰਮ ਕਰਦੇ ਹਨ। ਤਕਰੀਬਨ ਸਭ ਪੱਤਿਆਂ ਦੀ ਉਪਤਵੱਚਾ (Cuticle) ਪਾਰਦਰਸ਼ੀ ਹੁੰਦੀ ਹੈ ਤੇ ਕਈ ਪੱਤਿਆਂ ਵਿੱਚ ਉਹ ਲੈਂਜ਼ ਵਾਂਗ ਹੁੰਦੀ ਹੈ ਜੋ ਕਿ ਅੱਖਾਂ ਦੇ ਲੈਂਜ਼ ਵਾਂਗ ਪ੍ਰਕਾਸ਼ ਨੂੰ ਕੇਂਦਰਿਤ ਕਰਦਾ ਹੈ। ਪਰ ਅਜੇ ਇਸ ਵਿਸ਼ੇ ’ਤੇ ਖੋਜ ਚੱਲ ਰਹੀ ਹੈ। ਬਹੁਤੇ ਵਿਗਿਆਨਕ ਇਸ ਸਬੰਧੀ ਬਹੁਤੇ ਉਤਸ਼ਾਹਿਤ ਨਹੀਂ ਹਨ ਕਿ ਰੁੱਖ ਦੇਖ ਵੀ ਸਕਦੇ ਹਨ।
ਡਾਰਵਿਨ ਨੇ ਇਹ ਵਿਚਾਰ ਵੀ ਪੇਸ਼ ਕੀਤਾ ਸੀ ਕਿ ਰੁੱਖਾਂ ਦੀਆਂ ਜੜ੍ਹਾਂ ਸਾਧਾਰਨ ਜੀਵ ਦੇ ਦਿਮਾਗ ਵਾਂਗ ਕੰਮ ਕਰਦੀਆਂ ਹਨ। ਪਰ ਉਹ ਖੋਜ ਵੀ ਉਸ ਸਮੇਂ ਰੁਕ ਗਈ ਸੀ। ਫੇਰ ਪੀਟਰ ਟੌਂਪਕਿੰਜ਼ ਤੇ ਕ੍ਰਿਸਟੋਫਰ ਬਰਡ ਦੀ ਕਿਤਾਬ ‘ਰੁੱਖਾਂ ਦੀ ਭੇਤਭਰੀ ਜ਼ਿੰਦਗੀ’ 1973 ਵਿੱਚ ਪ੍ਰਕਾਸ਼ਿਤ ਹੋਈ ਜਿਸ ਨੇ ਦੁਬਾਰਾ ਇਸ ਵਾਰੇ ਖੋਜ ਨੂੰ ਜਿਊਂਦਾ ਕਰ ਦਿੱਤਾ। ਪਰ ਬਲੂਸਕਾ ਅਨੁਸਾਰ ਇੱਕ ਹੋਰ ਮੁਸ਼ਕਿਲ ਇਹ ਵੀ ਹੈ ਕਿ ਦਿਮਾਗ਼ ਤੇ ਨਾੜੀਆਂ ਸਬੰਧੀ ਸਾਰੀਆਂ ਖੋਜਾਂ ਮਨੁੱਖ ਜਾਂ ਜਾਨਵਰਾਂ ’ਤੇ ਹੀ ਹੋਈਆਂ ਹਨ, ਰੁੱਖਾਂ ’ਤੇ ਨਹੀਂ।
ਮਨੁੱਖ ਆਪਣੇ ਆਪ ਨੂੰ ਸਭ ਤੋਂ ਉੱਚਾ ਸਮਝਦਾ ਹੈ। ਉਹ ਆਪਣੇ ਆਪ ਨੂੰ ਹੋਰ ਜਾਨਵਰਾਂ ਦਾ, ਰੁੱਖਾਂ ਤੇ ਜੰਗਲਾਂ ਦਾ ਰਖਵਾਲਾ ਸਮਝਦਾ ਹੈ। ਜਦ ਕਿ ਮਨੁੱਖ ਇਸ ਧਰਤੀ ’ਤੇ ਸਿਰਫ਼ 3 ਲੱਖ ਸਾਲ ਤੋਂ ਹੈ, ਪਰ ਰੁੱਖ 30 ਕਰੋੜ ਸਾਲ ਤੋਂ ਹਨ। ਇੰਨੇ ਸਮੇਂ ਵਿਚਕਾਰ ਰੁੱਖਾਂ ਨੇ ਆਪਣੇ ਆਪ ਨੂੰ ਬਚਾ ਕੇ ਰੱਖਿਆ ਹੈ ਤੇ ਕਾਠ-ਜਾਲ ਦਾ ਉਸ ਵਿੱਚ ਬਹੁਤ ਵੱਡਾ ਯੋਗਦਾਨ ਹੈ। ਰੁੱਖ ਝੁੰਡਾਂ ਵਿੱਚ, ਜੰਗਲਾਂ ਵਿੱਚ ਪ੍ਰਫੁੱਲਿਤ ਹੁੰਦੇ ਰਹੇ ਹਨ। ਪਰ, ਹੁਣ ਜਦੋਂ ਮਨੁੱਖ ਇਸ ਧਰਤੀ ’ਤੇ ਰਾਜ ਕਰ ਰਿਹਾ ਹੈ ਤਾਂ ਰੁੱਖਾਂ ਨੂੰ ਬਹੁਤ ਵੱਡਾ ਖ਼ਤਰਾ ਹੈ। ਮਨੁੱਖ ਜੰਗਲਾਂ ਨੂੰ ਵੱਢ ਕੇ ਉਨ੍ਹਾਂ ਦਾ ਕਾਠ-ਜਾਲ ਖ਼ਤਮ ਕਰ ਰਿਹਾ ਹੈ, ਜੋ ਉਨ੍ਹਾਂ ਦੇ ਜਿਊਣ ਦਾ ਜ਼ਰੀਆ ਹੈ। ਜਲਵਾਯੂ ਪਰਿਵਰਤਨ ਹੋਰ ਖ਼ਤਰਾ ਪੈਦਾ ਕਰ ਰਿਹਾ ਹੈ। ਜਦੋਂ ਕਿ ਰੁੱਖ ਜਲਵਾਯੂ ਪਰਿਵਰਤਨ ਨੂੰ ਰੋਕਣ ਵਿੱਚ ਸਾਡੀ ਮਦਦ ਕਰ ਸਕਦੇ ਹਨ। ਰੁੱਖ ਜੰਗਲਾਂ ਦੀ ਬੁਨਿਆਦ ਹਨ। ਉਹ ਜੰਗਲੀ ਜੀਵਾਂ ਦੇ ਰਹਿਣ ਲਈ ਖੁਰਾਕ, ਆਲ੍ਹਣੇ ਤੇ ਖੁੱਡਾਂ ਪ੍ਰਦਾਨ ਕਰਦੇ ਹਨ। ਉਹ ਜੰਗਲਾਂ ਨੂੰ ਜ਼ਿੰਦਾ ਰੱਖਦੇ ਹਨ। ਸਾਨੂੰ ਰੁੱਖਾਂ ਨੂੰ ਬਚਾਉਣਾ ਚਾਹੀਦਾ ਹੈ ਤੇ ਹੋਰ ਰੁੱਖ ਲਗਾਉਣੇ ਚਾਹੀਦੇ ਹਨ, ਤਾਂ ਜੋ ਰੁੱਖਾਂ ਦਾ ਕਾਠ-ਜਾਲ ਸੁਰੱਖਿਅਤ ਰਹਿ ਸਕੇ। ਇਸ ਤਰ੍ਹਾਂ ਜੰਗਲ ਦੁਬਾਰਾ ਤੋਂ ਪੁਨਰ-ਜਨਮ ਲੈ ਸਕਣਗੇ।
ਰੁੱਖਾਂ ਦਾ ਜਿਗਰਾ ਤੇ ਧੀਰਜ ਬਹੁਤ ਵੱਡਾ ਹੈ, ਜਿਸ ਦੀ ਤਮੰਨਾ ਹਰ ਕੋਈ ਕਰਦਾ ਹੈ। ਗੁਰਬਾਣੀ ਵਿੱਚ ਵੀ ਫ਼ਰੀਦ ਸਾਹਿਬ ਰੁੱਖਾਂ ਦੇ ਜਿਗਰੇ ਦੀ ਉਦਾਹਰਣ ਦਿੰਦੇ ਹਨ:
ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ।।
ਪਰ ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਏ ਤੇ ਰੁੱਖਾਂ ਦਾ ਧੀਰਜ ਟੁੱਟ ਜਾਏ, ਸਾਨੂੰ ਰੁੱਖਾਂ ਤੇ ਜੰਗਲਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਪੰਜਾਬ ਪਿੰਡਾਂ ਤੇ ਕਿਸਾਨਾਂ ਦੀ ਧਰਤੀ ਹੈ, ਕਿਸਾਨ ਮਿੱਟੀ ਨਾਲ ਮਿੱਟੀ ਹੋ ਕੇ ਫ਼ਸਲ ਉਗਾਉਂਦਾ ਹੈ, ਪੌਦੇ ਲਗਾਉਂਦਾ ਹੈ, ਰੁੱਖ ਲਗਾਉਂਦਾ ਹੈ। ਇਸ ਕਰਕੇ ਉਸ ਨੂੰ ਰੁੱਖਾਂ ਦੇ ਜੀਵਨ ਦੀ ਸਮਝ ਹੈ। ਪੰਜਾਬੀ ਲੋਕਧਾਰਾ ਤੇ ਲੋਕਗੀਤਾਂ ਵਿੱਚ ਰੁੱਖਾਂ ਦਾ ਜ਼ਿਕਰ ਅਕਸਰ ਹੁੰਦਾ ਹੈ। ‘ਰੁੱਖ ਚੰਦਰੇ ਭਾਵੇਂ ਨੀਂ ਬੋਲਦੇ’ ਵਰਗੇ ਲੋਕਗੀਤ ਸਦੀਆਂ ਦੇ ਅਨੁਭਵ ਤੋਂ ਉਪਜਦੇ ਹਨ ਤੇ ਲੋਕਧਾਰਾ ਦਾ ਅਟੁੱਟ ਅੰਗ ਬਣਦੇ ਹਨ। ਪੰਜਾਬੀ ਜਨ-ਜੀਵਨ ਨੂੰ ਰੁੱਖਾਂ ਦੀ ਸਮਝ ਹੈ, ਇਹ ਗੱਲ ਅਸੀਂ ਹੇਠਲੇ ਲੋਕਗੀਤ ਦੇ ਅੰਗ ਤੋਂ ਸਮਝ ਸਕਦੇ ਹਾਂ:
ਪਿੱਪਲ ਦਿਆ ਪੱਤਿਆ ਵੇ ਕੇਹੀ ਖੜ-ਖੜ ਲਾਈ ਆ।
ਪੱਤ ਝੜੇ ਪੁਰਾਣੇ ਵੇ, ਰੁੱਤ ਨਵਿਆਂ ਦੀ ਆਈ ਆ।
ਬਹਾਰ ਤੋਂ ਬਾਅਦ ਪਤਝੜ ਆਉਂਦੀ ਹੈ – ਜਿਸ ਤਰ੍ਹਾਂ ਮਨੁੱਖੀ ਸਰੀਰ ਵਿੱਚ ਰੋਜ਼ ਪੁਰਾਣੇ ਸੈੱਲ ਮਰਦੇ ਹਨ ਤੇ ਨਵੇਂ ਉਪਜਦੇ ਹਨ, ਪਤਝੜ ਵਿੱਚ ਰੁੱਖ ਆਪਣੇ ਪੁਰਾਣੇ ਜ਼ਰਦ ਪੱਤੇ ਝਾੜ ਦਿੰਦੇ ਹਨ, ਪਤਝੜ ਤੋਂ ਬਾਅਦ ਫਿਰ ਬਸੰਤ ਆਉਂਦੀ ਹੈ, ਨਵੇਂ ਤੇ ਹਰਿਆਲੇ ਪੱਤੇ ਉੱਗਦੇ ਹਨ। ਪੀਲੇ, ਲਾਲ ਤੇ ਗੁਲਾਬੀ ਫੁੱਲ ਖਿੜਦੇ ਹਨ। ਤੇ ਸਾਨੂੰ ਕਿੰਨਾ ਸਕੂਨ ਦਿੰਦੇ ਹਨ। ਅਸੀਂ ਜੀਵਨ ਦੇ ਹਰ ਇੱਕ ਪਲ ਨੂੰ ਰੁੱਖਾਂ ਦੇ ਆਸਰੇ ’ਤੇ ਜਿਉਂਦੇ ਹਾਂ, ਚਾਹੇ ਉਹ ਖੁਰਾਕ ਹੋਵੇ ਜਾਂ ਫਿਰ ਰੈਣ-ਬਸੇਰੇ ਦਾ ਸਾਮਾਨ ਹੋਵੇ। ਰੁੱਖਾਂ ਤੋਂ ਬਿਨਾਂ ਅਸੀਂ ਅਧੂਰੇ ਹਾਂ। ਫਿਰ ਕਿਉਂ ਨਹੀਂ ਅਸੀਂ ਰੁੱਖਾਂ ਤੇ ਜੰਗਲਾਂ ਦਾ ਖ਼ਿਆਲ ਰੱਖ ਰਹੇ? ਇਹ ਸੋਚਣ ਵਾਲੀ ਗੱਲ ਹੈ। ਸਾਨੂੰ ਮੁੜ ਤੋਂ ਹਰ ਪਾਸੇ ਰੁੱਖ ਲਗਾ ਕੇ ਜੰਗਲ ਆਬਾਦ ਕਰਨੇ ਚਾਹੀਦੇ ਹਨ। ਰੁੱਖ ਆਸ, ਜੀਵਨ ਤੇ ਪਰਿਵਰਤਨ ਦਾ ਚਿੰਨ੍ਹ ਹਨ।
ਇੱਕ ਅਨੁਮਾਨ ਅਨੁਸਾਰ ਧਰਤੀ ’ਤੇ ਤਕਰੀਬਨ 30 ਖਰਬ ਰੁੱਖ ਹਨ। ਜੇ ਹਰ ਦੇਸ਼ ਦੀਆਂ ਸਰਕਾਰਾਂ ਤੇ ਵਾਸੀ ਹੰਭਲਾ ਮਾਰਨ ਤੇ ਇੰਨੇ ਉਤਸ਼ਾਹਿਤ ਹੋ ਜਾਣ ਕਿ ਇੱਕ ਅਰਬ ਜਾਂ ਖਰਬ ਰੁੱਖ ਹੋਰ ਲਗਾ ਦਿੱਤੇ ਜਾਣ ਤਾਂ ਰੁੱਖ ਪ੍ਰਦੂਸ਼ਣ ਦੇ ਧੂੰਏਂ ਦੇ ਉਤਸਰਜਨ ਨੂੰ ਸੰਤੁਲਿਤ ਕਰਨ ਵਿੱਚ ਤੇ ਹਵਾ ਵਿੱਚੋਂ ਕਾਰਬਨ ਡਾਈਆਕਸਾਈਡ ਘਟਾਉਣ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਨ। ਰੁੱਖਾਂ ਦੀ ਮਦਦ ਨਾਲ ਹੀ ਅਸੀਂ ਆਪਣੀ ਗਰਮ ਹੋ ਰਹੀ ਧਰਤੀ ਨੂੰ ਦੁਨੀਆਵੀ ਤਾਪ ਦੀ ਮਹਾਮਾਰੀ ਤੋਂ ਬਚਾ ਸਕਦੇ ਹਾਂ।