ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਅਕਤੂਬਰ
ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਦੀ 24 ਘੰਟੇ ਨਿਗਰਾਨੀ ਕਰਨ ਤੇ ਇਸ ਨੂੰ ਰੋਕਣ ਲਈ ਸਰਦੀਆਂ ਦੀ ਕਾਰਜ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਇੱਕ ਉੱਨਤ ਗ੍ਰੀਨ ਵਾਰ ਰੂਮ ਲਾਂਚ ਕੀਤਾ। ਮੰਤਰੀ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਵਾਰ ਰੂਮ ਦਿੱਲੀ ਸਕੱਤਰੇਤ ਦੀ ਸੱਤਵੀਂ ਮੰਜ਼ਿਲ ਤੋਂ ਕੰਮ ਕਰੇਗਾ ਜਿੱਥੇ ਵਾਤਾਵਰਨ ਵਿਗਿਆਨੀਆਂ ਅਤੇ ਹੋਰ ਅਧਿਕਾਰੀਆਂ ਦੀ 12 ਮੈਂਬਰੀ ਟੀਮ ਤਾਇਨਾਤ ਕੀਤੀ ਜਾਵੇਗੀ।
ਮੰਤਰੀ ਰਾਏ ਨੇ ਕਿਹਾ, ‘ਅਸੀਂ ਅੱਜ ਤੋਂ ਇੱਕ ਉੱਨਤ ਗ੍ਰੀਨ ਵਾਰ ਰੂਮ ਸ਼ੁਰੂ ਕੀਤਾ ਹੈ ਤੇ ਇਹ 24 ਘੰਟੇ ਕੰਮ ਕਰੇਗਾ। ਇਹ ਹਵਾ ਪ੍ਰਦੂਸ਼ਣ ਦੇ ਪੱਧਰਾਂ ਦੀ ਹਫ਼ਤੇ ਦੇ ਸੱਤ ਦਿਨ ਚੌਵੀਂ ਘੰਟੇ ਨਿਗਰਾਨੀ ਕਰੇਗਾ ਤੇ ਇਹ ਯਕੀਨੀ ਬਣਾਏਗਾ ਕਿ ਸੋਧੇ ਹੋਏ ‘ਜੀਆਰਏਪੀ’ ਦੇ ਅਨੁਸਾਰ ਪ੍ਰਦੂਸ਼ਣ ਨੂੰ ਰੋਕਣ ਲਈ ਸਾਰੇ ਜ਼ਰੂਰੀ ਉਪਾਅ ਕੀਤੇ ਗਏ ਹਨ। ਵਾਰ ਰੂਮ ਵੀ ਹੋਵੇਗਾ। ਸ਼ਹਿਰ ਦੇ ਪ੍ਰਦੂਸ਼ਣ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ।’
ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (ਜੀ.ਆਰ.ਏ.ਪੀ) ਰਾਸ਼ਟਰੀ ਰਾਜਧਾਨੀ ਤੇ ਇਸਦੇ ਆਸਪਾਸ ਸਥਿਤੀ ਦੀ ਗੰਭੀਰਤਾ ਦੇ ਅਨੁਸਾਰ ਹਵਾ ਪ੍ਰਦੂਸ਼ਣ ਵਿਰੋਧੀ ਉਪਾਵਾਂ ਦਾ ਇੱਕ ਵਰਗ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਸ਼ਹਿਰ ਵਿੱਚ ਪ੍ਰਦੂਸ਼ਣ ਨਾਲ ਨਜਿੱਠਣ ਲਈ 15 ਸੂਤਰੀ ਸਰਦ ਰੁੱਤ ਕਾਰਜ ਯੋਜਨਾ ਦਾ ਐਲਾਨ ਕੀਤਾ ਸੀ।