ਮਹਿੰਦਰ ਸਿੰਘ ਰੱਤੀਆਂ
ਮੋਗਾ, 7 ਅਕਤੂਬਰ
ਇਥੇ ਪੰਜਾਬ ਸਟੂਡੈਂਟਸ ਯੂਨੀਅਨ, ਭਾਰਤ ਨੌਜਵਾਨ ਸਭਾ ਤੇ ਹੋਰ ਜਨਤਕ ਜਥੇਬੰਦੀਆਂ ਨੇ 5 ਅਕਤੂਬਰ, 1972 ਦੇ ਰੀਗਲ ਸਿਨੇਮਾ ਗੋਲੀ ਕਾਂਡ ਵਿੱਚ ਸ਼ਹੀਦ ਵਿਦਿਆਰਥੀਆਂ ਦੀ 49ਵੀਂ ਬਰਸੀ ਮੌਕੇ ਇਮਾਰਤ ’ਤੇ ਲਾਲ ਝੰਡਾ ਲਹਿਰਾਇਆ। ਨੌਜਵਾਨਾਂ ਨੇ ਇਨਕਲਾਬੀ ਨਾਅਰਿਆਂ ਨਾਲ ਸ਼ਹੀਦ ਵਿਦਿਆਰਥੀਆਂ ਨੂੰ ਸਿਜਦਾ ਕੀਤਾ। ਪੀਐੱਸਯੂ ਦੇ ਸੂਬਾ ਪ੍ਰਧਾਨ ਰਣਵੀਰ ਰੰਧਾਵਾ, ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ, ਕਿਰਤੀ ਕਿਸਾਨ ਯੂਨੀਅਨ ਸੂਬਾਈ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਨੌਜਵਾਨ ਭਾਰਤ ਸਭਾ ਦੇ ਕਰਮਜੀਤ ਮਾਣੂੰਕੇ, ਰਾਜਿੰਦਰ ਸਿੰਘ ਰਾਜੇਆਣਾ ਅਤੇ ਕਮਲ ਬਾਘਾਪੁਰਾਣਾ ਨੇ ਸ਼ਹੀਦ ਸਵਰਨ ਸਿੰਘ ਚੜਿੱਕ, ਹਰਜੀਤ ਚੜਿੱਕ, ਹਰਜੀਤ ਸਿੰਘ ਜੋਗੀ, ਅਧਿਆਪਕ ਕੇਵਲ ਕ੍ਰਿਸ਼ਨ ਅਤੇ ਰਿਕਸ਼ਾ ਚਾਲਕ ਗੁਰਦੇਵ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪੀਐੱਸਯੂ ਦੀ ਅਗਵਾਈ ਹੇਠ ਸਿਨੇਮਾ ਮਾਲਕ ਦੀ ਗੁੰਡਾਗਰਦੀ ਅਤੇ ਟਿਕਟਾਂ ਦੀ ਬਲੈਕ ਖ਼ਿਲਾਫ਼ ਉੱਠੀ ਇਹ ਵਿਦਿਆਰਥੀ ਲਹਿਰ ਅਸਲ ਵਿੱਚ ਕੌਮੀ ਅਤੇ ਕੌਮਾਂਤਰੀ ਰਾਜਨੀਤਿਕ ਆਰਥਿਕ ਅਤੇ ਸਮਾਜਿਕ ਹਾਲਾਤ ਦੀ ਪੈਦਾਵਾਰ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਜਗ੍ਹਾ ਨੂੰ ਹਾਲੇ ਤੱਕ ਯਾਦਗਾਰ ਅਤੇ ਲਾਇਬ੍ਰੇਰੀ ਵਿੱਚ ਨਾ ਬਦਲਣਾ ਸਰਕਾਰ ਦੀ ਇਸ ਵਿਰਾਸਤ ਨੂੰ ਖਤਮ ਕਰਨ ਦੀ ਮਨਸ਼ਾ ਬਿਆਨਦਾ ਹੈ। ਆਗੂਆਂ ਨੇ ਕਿਹਾ ਕਿ ਪੀਐੱਸਯੂ ਕਈ ਸਾਲਾਂ ਤੋਂ ਮੰਗ ਕਰਦੀ ਆ ਰਹੀ ਹੈ ਕਿ ਖੰਡਰਨੁਮਾ ਰੀਗਲ ਸਿਨੇਮਾ ਦੀ ਇਮਾਰਤ ਨੂੰ ਆਡੀਟੋਰੀਅਮ ਅਤੇ ਲਾਇਬ੍ਰੇਰੀ ਵਜੋਂ ਵਿਕਸਤ ਕਰਕੇ ਯਾਦਗਾਰੀ ਹਾਲ ਬਣਾਇਆ ਜਾਵੇ ਪਰ ਪ੍ਰਸ਼ਾਸਨ ਇਸ ਪਾਸੇ ਧਿਆਨ ਨਾ ਦੇ ਕੇ ਸ਼ਹੀਦਾਂ ਦਾ ਅਪਮਾਨ ਕਰ ਰਿਹਾ ਹੈ। ਉਨ੍ਹਾਂ ਆਖਿਆ ਕਿ ਵਿਦਿਆਰਥੀਆਂ ਦੀ ਸਹਿਮਤੀ ਤੋਂ ਬਿਨਾਂ ਰੀਗਲ ਸਿਨੇਮਾ ਦੀ ਜ਼ਮੀਨ ’ਤੇ ਕੋਈ ਉਸਾਰੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਪੀਐੱਸਯੂ ਆਗੂ ਹਰਦੀਪ ਕੌਰ ਕੋਟਲਾ, ਅਮਰ ਕ੍ਰਾਂਤੀ, ਅਮਨਦੀਪ ਸਿੰਘ, ਬਲਜੀਤ ਸਿੰਘ ਧਰਮਕੋਟ, ਮੰਗਲਜੀਤ, ਧੀਰਜ ਕੁਮਾਰ, ਕੇਸ਼ਵ ਆਜ਼ਾਦ ਨੇ ਵੀ ਸੰਬੋਧਨ ਕੀਤਾ।