ਸਰਬਜੋਤ ਸਿੰਘ ਦੁੱਗਲ
ਕਰਨਾਲ, 9 ਮਾਰਚ
ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੀ ਪੁਲੀਸ ਚੌਕੀ ਸੈਕਟਰ-9 ਦੀ ਟੀਮ ਨੇ ਪੁਲੀਸ ਦੀ ਵਰਦੀ ਪਾ ਕੇ ਲੁੱਟਣ ਵਾਲੇ ਗੈਂਗ ਦੇ 5 ਮੈਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ। ਪੁਲੀਸ ਨੇ ਮੁਲਜ਼ਮਾਂ ਵੱਲੋਂ ਵਰਤੀ ਵੈਗਨਆਰ ਕਾਰ, ਦੇਸੀ ਕੱਟਾ, ਏਐੱਸਆਈ ਰੈਂਕ ਦੀ ਪੁਲੀਸ ਵਰਦੀ, 2 ਡੰਮੀ ਪਿਸਟਲ, 2 ਡੰਮੀ ਵਾਕੀ ਟਾਕੀ, 2 ਹੱਥਕੜੀ ਬਰਾਮਦ ਕੀਤੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਲੋਕਾਂ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਵਸੂਲੀ ਵੀ ਕਰਦੇ ਸਨ।
ਸੈਕਟਰ-7 ਨਿਵਾਸੀ ਬੁਟੀਕ ਮਾਲਕ ਸ਼ਿਕਾਇਤਕਰਤਾ ਤੁਸ਼ਾਰ ਭਾਟੀਆ ਨੇ ਸੈਕਟਰ-9 ਪੁਲੀਸ ਚੌਕੀ ਵਿੱਚ ਲੁੱਟ-ਖਸੁੱਟ ਦੀ ਸ਼ਿਕਾਇਤ ਕੀਤੀ ਸੀ। ਉਸ ਨੇ ਦੱਸਿਆ ਸੀ ਕਿ ਉਹ ਸਵੇਰੇ ਅਟਲ ਪਾਰਕ, ਕਰਨਾਲ ਵਿੱਚ ਗਿਆ ਸੀ। ਪਾਰਕ ਦੇ ਬਾਹਰ ਗੁਰੂਗਰਾਮ ਨੰਬਰ ਦੀ ਵੈਗਨ ਆਰ ਕਾਰ ਖੜ੍ਹੀ ਸੀ। ਕਾਰ ਵਿੱਚ ਬੈਠੇ ਮੁੰਡੇ ਨੇ ਉਸ ਨੂੰ ਅਵਾਜ ਦਿੱਤੀ ਅਤੇ ਉਸ ਤੋਂ ਬਾਅਦ ਬੰਦੂਕ ਨਾਲ ਡਰਾ ਕੇ ਉਸ ਨੂੰ ਧਰਮਸ਼ਾਲਾ ਵਿੱਚ ਲੈ ਗਏ। ਉੱਥੇ ਪੁਲੀਸ ਆਈ ਅਤੇ ਮਾਰ ਕੁੱਟ ਕੀਤੀ ਅਤੇ ਬਲੈਕਮੇਲ ਕੀਤਾ ਗਿਆ। ਇਸ ਤੋਂ ਬਾਅਦ ਉਸ ਦੀ ਜੇਬ ਵਿੱਚੋ 7 ਹਜਾਰ ਰੁਪਏ ਵੀ ਕੱਢ ਲਾਏ ਗਏ ਅਤੇ ਹੋਰ 40 ਹਜ਼ਾਰ ਰੁਪਏ ਦੀ ਮੰਗ ਕਰਨ ਲੱਗੇ। ਮਗਰੋਂ ਤੁਸ਼ਾਰ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ। ਮਗਰੋਂ ਪੁਲੀਸ ਨੇ ਪੰਜਾ ਮਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜਮਾਂ ਤੋਂ ਪੁੱਛਗਿੱਛ ਮਗਰੋਂ ਖੁਲਾਸਾ ਹੋਇਆ ਕਿ ਇਸ ਵਾਰਦਾਤ ਦੇ ਮਾਸਟਰ ਮਾਈਂਡ ਮਨਦੀਪ ਅਤੇ ਤਰੁਣ ਹਨ। ਉਨ੍ਹਾਂ ਜਲਦੀ ਅਮੀਰ ਬਣਨ ਦੇ ਚੱਕਰ ਵਿੱਚ ਪੁਲੀਸ ਦੀ ਵਰਦੀ ਪਾ ਕੇ ਲੋਕਾਂ ਨੂੰ ਡਰਾਇਆ ਧਮਕਾਇਆ। ਝੂਠੇ ਕੇਸ ਵਿੱਚ ਫਸਾਉਣ ਵਰਗੇ ਕੇਸ ਵਿੱਚੋਂ ਨਾਮ ਕੱਟਣ ਦੀ ਗੱਲ ਕਰਕੇ ਰੁਪਏ ਲੁੱਟਿਆ।
ਤਿੰਨ ਜ਼ਿਲ੍ਹਿਆਂ ਦੇ ਵਾਸੀ ਨੇ ਮੁਲਜ਼ਮ
ਮਾਮਲੇ ਦੀ ਅਗਲੀ ਤਫਤੀਸ਼ ਇੰਚਾਰਜ ਪੁਲੀਸ ਚੌਕੀ ਸੈਕਟਰ-9 ਏਐੱਸਆਈ ਸੁਲੇਂਦਰ ਸਿੰਘ ਦੀ ਟੀਮ ਨੂੰ ਸੌਂਪੀ ਗਈ ਹੈ । ਟੀਮ ਵਿੱਚ ਸੁਲੇਂਦਰ ਸਿੰਘ, ਮੁੱਖ ਸਿਪਾਹੀ ਵਿਨੋਦ, ਮੁੱਖ ਸਿਪਾਹੀ ਜਿਤੇਂਦਰ, ਐੱਸਪੀਓ ਦਲਬੀਰ ਸਿੰਘ ਅਤੇ ਐੱਸਪੀਓ ਸੁਰਜੀਤ ਸਿੰਘ ਸ਼ਾਮਲ ਹਨ । ਏਐੱਸਆਈ ਸੁਲੇਂਦਰ ਸਿੰਘ ਨੇ ਦੱਸਿਆ ਕਿ ਪੰਜੇ ਮੁਲਜ਼ਮਾਂ ਦੀ ਪਛਾਣ ਨਰੇਸ਼ ਕੁਮਾਰ, ਮਨਦੀਪ ਕੁਮਾਰ ਵਾਸੀ ਪਿੰਡ ਬੁਸਨ ਜ਼ਿਲ੍ਹਾ ਭਿਵਾਨੀ, ਸੋਮਬੀਰ ਵਾਸੀ ਪਿੰਡ ਰੂਪਗੜ੍ਹ ਜ਼ਿਲ੍ਹਾ ਜੀਂਦ, ਕ੍ਰਿਸ਼ਨ ਕੁਮਾਰ ਉਰਫ ਨੰਬਰਦਾਰ ਵਾਸੀ ਪਿੰਡ ਬਾਗੰਬਾਲਾ ਜ਼ਿਲ੍ਹਾ ਭਿਵਾਨੀ ਅਤੇ ਤਰੁਣ ਉਰਫ ਬੋਨੀ ਵਾਸੀ ਪਿੰਡ ਜੇਵਲੀ ਜ਼ਿਲ੍ਹਾ ਚਰਖੀ ਦਾਦਰੀ ਵਜੋਂ ਹੋਈ।
ਰਿਸ਼ਵਤ ਲੈਂਦਾ ਇੰਸਪੈਕਟਰ ਗ੍ਰਿਫ਼ਤਾਰ
ਫਰੀਦਾਬਾਦ(ਪੱਤਰ ਪ੍ਰੇਰਕ): ਸਟੇਟ ਵਿਜੀਲੈਂਸ ਬਿਊਰੋ ਵੱਲੋਂ ਪਲਵਲ ਜ਼ਿਲ੍ਹੇ ਦੀ ਨਗਰ ਪਰਿਸ਼ਦ ਵਿਚ ਤਾਇਨਾਤ ਬਿਲਡਿੰਗ ਇੰਸਪੈਕਟਰ ਚਮਨ ਲਾਲ ਤੇਵਤੀਆ ਨੂੰ 5 ਲੱਖ ਰੁਪਏ ਦੀ ਕਥਿਤ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਚਮਨ ਲਾਲ ਤੇਵਤੀਆ ਇਕ ਦੁਕਾਨਦਾਰ ਦਲੀਪ ਬਿੰਦਲ ਤੋਂ ਇਕ ਸੋਅਰੂਮ ਦਾ ਨਕਸ਼ਾ ਪਾਸ ਕਰਨ ਦੇ ਬਦਲੇ ਦਸ ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਦੋਵਾਂ ਦਰਮਿਆਨ 5 ਲੱਖ ਰੁਪਏ ਵਿੱਚ ਸੌਦਾ ਤੈਅ ਹੋ ਗਿਆ। ਇਸੇ ਦੌਰਾਨ ਬਿੰਦਲ ਨੇ ਵਿਜੀਲੈਂਸ ਬਿਊਰੋ ਨੂੰ ਸੂਚਿਤ ਕਰ ਦਿੱਤਾ। ਜਾਲ ਵਿਛਾ ਕੇ ਚਮਨ ਲਾਲ ਤੇਵਤੀਆ ਨੂੰ ਪੰਜ ਲੱਖ ਰੁਪਏ ਦੀ ਕਥਿਤ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਆਜ਼ਾਦ ਗਵਾਹਾਂ ਦੇ ਸਾਹਮਣੇ ਗ੍ਰਿਫ਼ਤਾਰ ਕੀਤਾ ਗਿਆ।