ਨਵੀਂ ਦਿੱਲੀ, 2 ਫਰਵਰੀ
ਭਾਰਤ ਨੇ ਆਸਟਰੇਲੀਆ ਵਿਚ ਭਾਰਤੀਆਂ ‘ਤੇ ਹਮਲਿਆਂ ਦੀ ਨਿਖੇਧੀ ਕਰਦਿਆਂ ਆਸਟਰੇਲੀਆ ਸਰਕਾਰ ਨੂੰ ਭਾਰਤ ਵਿਰੋਧੀ ਗਤੀਵਿਧੀਆਂ ਲਈ ਆਸਟਰੇਲਿਆਈ ਖੇਤਰ ਦੀ ਵਰਤੋਂ ਦੀ ਇਜਾਜ਼ਤ ਨਾ ਦੇਣ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਨੇ ਅਖੌਤੀ ਖਾਲਿਸਤਾਨੀ ਰਾਇਸ਼ੁਮਾਰੀ ਤੇ ਆਸਟਰੇਲੀਆ ਵਿੱਚ ਕੱਟੜਪੰਥੀਆਂ ਵਲੋਂ ਕਾਰਵਾਈਆਂ ਨੂੰ ਸਿਰੇ ਨੂੰ ਨਕਾਰਦਿਆਂ ਰੋਸ ਜ਼ਾਹਰ ਕੀਤਾ। ਦੱਸਣਾ ਬਣਦਾ ਹੈ ਕਿ ਸਿੱਖਸ ਫਾਰ ਜਸਟਿਸ ਵੱਲੋਂ ਮੈਲਬੌਰਨ ਵਿਚ ‘ਪੰਜਾਬ ਸੁਤੰਤਰਤਾ ਰਾਇਸ਼ੁਮਾਰੀ’ ਸਬੰਧੀ ਸਮਾਗਮ 30 ਜਨਵਰੀ ਨੂੰ ਕਰਵਾਇਆ ਗਿਆ ਸੀ। ਅਰਿੰਦਮ ਬਾਗਚੀ ਨੇ ਕਿਹਾ, ‘ਅਸੀਂ ਕੱਟੜਪੰਥੀਆਂ ਦੇ ਅਜਿਹੇ ਹਮਲਿਆਂ ਦੀ ਸਖ਼ਤ ਨਿੰਦਾ ਕਰਦੇ ਹਾਂ ਤੇ ਅਸੀਂ ਸਥਾਨਕ ਅਧਿਕਾਰੀਆਂ ਨੂੰ ਦੋਸ਼ੀਆਂ ਦੀ ਜਾਂਚ ਕਰਨ ਅਤੇ ਸਜ਼ਾ ਦੇਣ ਦੀ ਅਪੀਲ ਕਰਦੇ ਹਾਂ।’ -ਪੀਟੀਆਈ
ਕੈਨੇਡਾ ਵਿੱਚ ਭਾਰਤੀਆਂ ਦੀ ਸੁਰੱਖਿਆ ਅਹਿਮ: ਵਿਦੇਸ਼ ਮੰਤਰਾਲਾ
ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਅੱਜ ਕਿਹਾ ਕਿ ਕੈਨੇਡਾ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਅਤੇ ਸਿਹਤਮੰਦੀ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਨੇ ਇਹ ਟਿੱਪਣੀ ਕੈਨੇਡਾ ਵਿੱਚ ਭਾਰਤੀਆਂ ਵਿਰੁੱਧ ਵਧ ਰਹੇ ਨਫ਼ਰਤੀ ਮਾਮਲੇ ਅਤੇ ਸੰਪਰਦਾਇਕ ਹਿੰਸਾ ਦੀਆਂ ਘਟਨਾਵਾਂ ਬਾਰੇ ਰਾਜ ਸਭਾ ਵਿੱਚ ਪੁੱਛੇ ਸਵਾਲ ਦੇ ਜਵਾਬ ਵਿੱਚ ਕੀਤੀ। ਮੁਰਲੀਧਰਨ ਨੇ ਕਿਹਾ ਕਿ ਭਾਰਤ ਨਿਯਮਿਤ ਤੌਰ ‘ਤੇ ਭਾਰਤ ਵਿਰੋਧੀ ਕਾਰਵਾਈਆਂ ਦੇ ਮਾਮਲੇ ਕੈਨੇਡਾ ਸਰਕਾਰ ਦੇ ਸਨਮੁਖ ਰੱਖਦਾ ਰਿਹਾ ਹੈ ਤੇ ਜਾਂਚ ਤੋਂ ਬਾਅਦ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਅਪੀਲ ਕਰਦਾ ਰਿਹਾ ਹੈ।