ਡਾ. ਮਨੀਸ਼ਾ ਬੱਤਰਾ
ਭਾਰਤ ਵਿਚ ਮਨਾਏ ਜਾਂਦੇ ਮੇਲਿਆਂ ਅਤੇ ਤਿਉਹਾਰਾਂ ਵਿਚੋਂ ਦਸਹਿਰੇ ਦੀ ਆਪਣੀ ਵੱਖਰੀ ਮਾਨਤਾ ਅਤੇ ਮਹੱਤਤਾ ਹੈ। ਸਾਡੇ ਦੇਸ਼ ਦੇ ਲੋਕ ਹਰ ਤਿਉਹਾਰ ਦੀ ਤਰ੍ਹਾਂ ਇਸ ਨੂੰ ਵੀ ਬੜੇ ਜੋਸ਼ ਅਤੇ ਖ਼ੁਸ਼ੀ ਨਾਲ ਮਨਾਉਂਦੇ ਹਨ। ਦਸਹਿਰੇ ਨੂੰ ਵਿਜੈਦਸ਼ਮੀ ਵੀ ਕਿਹਾ ਜਾਂਦਾ ਹੈ। ਹਿੰਦੂ ਧਰਮ ਨਾਲ ਜੁੜਿਆ ਹੋਇਆ ਹੋਣ ਦੇ ਨਾਲ-ਨਾਲ ਇਹ ਤਿਉਹਾਰ ਸਾਰੇ ਧਰਮਾਂ/ ਸਮਾਜ/ ਭਾੲਚਾਰਿਆਂ ਨਾਲ ਸਰੋਕਾਰ ਰੱਖਦਾ ਹੈ। ਆਮ ਸ਼ਬਦਾਂ ਵਿਚ ਇਹ ਜਿੱਤ ਦੇ ਜਸ਼ਨ ਦੇ ਰੂਪ ਵਿਚ ਮਨਾਇਆ ਜਾਣ ਵਾਲਾ ਤਿਉਹਾਰ ਹੈ ਜੋ ਸਾਰੀ ਲੋਕਾਈ ਨੂੰ ਸੱਚ ਲਈ ਚੁੱਕੀ ਜਾਣ ਵਾਲੀ ਆਵਾਜ਼ ਦੇ ਸੰਕਲਪ ਨਾਲ ਜੋੜਦਾ ਹੈ। ਧਰਮ ਭਾਵੇਂ ਕੋਈ ਵੀ ਹੋਵੇ ਉਸ ਦਾ ਮੂਲ ਮਨੋਰਥ ਲੋਕਾਂ ਨੂੰ ਸਹੀ-ਗਲਤ, ਸੱਚ-ਝੂਠ, ਨੈਤਿਕ-ਅਨੈਤਿਕ ਦਾ ਪਾਠ ਪੜ੍ਹਾਉਣਾ ਹੁੰਦਾ ਹੈ। ਇਹ ਹਰ ਸਾਲ ਦੀਵਾਲੀ ਤੋਂ ਲਗਭਗ ਵੀਹ ਦਿਨ ਪਹਿਲਾਂ ਮਨਾਇਆ ਜਾਂਦਾ ਹੈ।
ਦਸਹਿਰੇ ਨੂੰ ਮਨਾਉਣ ਪਿੱਛੇ ਕਈ ਲੋਕ-ਮਾਨਤਾਵਾਂ ਕਾਰਜਸ਼ੀਲ ਹਨ ਜਿਵੇਂ ਕਿ ਭਗਵਾਨ ਸ਼੍ਰੀ ਰਾਮ ਦੀ ਰਾਵਣ ’ਤੇ ਜਿੱਤ ਦਾ ਦਿਨ, ਮਹਿਸ਼ਾਸੁਰ ਦੈਂਤ ਦਾ ਅੰਤ ਕਰ ਮਾਂ ਦੁਰਗਾ ਦੀ ਜਿੱਤ ਦਾ ਦਿਨ, ਪਾਂਡਵਾਂ ਦੇ ਬਣਵਾਸ ਦਾ ਦਿਨ ਅਤੇ ਇਸ ਦਿਨ ਹੀ ਭਗਵਾਨ ਸ਼ਿਵ ਦੀ ਪਹਿਲੀ ਪਤਨੀ ਸਤੀ ਆਪਣੇ ਪਤੀ ਦੇ ਸਨਮਾਨ ਖ਼ਾਤਰ ਅਗਨੀ-ਕੁੰਡ ਵਿਚ ਸਮਾ ਗਈ ਸੀ। ਇਨ੍ਹਾਂ ਲੋਕ-ਮਾਨਤਾਵਾਂ ਵਿਚੋਂ ਸਭ ਤੋਂ ਜ਼ਿਆਦਾ ਪ੍ਰਚਲਿਤ ਕਥਾ ਭਗਵਾਨ ਸ੍ਰੀ ਰਾਮ ਚੰਦਰ ਜੀ ਤੇ ਰਾਵਣ ਦੀ ਹੈ। ਇਸ ਕਥਾ ਅਨੁਸਾਰ ਸ੍ਰੀ ਰਾਮ ਚੰਦਰ ਜੀ ਵੱਲੋਂ ਲੰਕਾ ਦੇ ਰਾਜੇ ਰਾਵਣ ਨੂੰ ਮਾਰ ਕੇ ਸਾਰੇ ਸੰਸਾਰ ਨੂੰ ਬਦੀ (ਬੁਰਾਈ) ਉੱਪਰ ਨੇਕੀ ਦੀ ਜਿੱਤ ਦਾ ਸੰਦੇਸ਼ ਦਿੱਤਾ ਗਿਆ। ਇਸੇ ਜਿੱਤ ਦੇ ਸਰੂਪ ਵਿਚ ਇਸ ਪਰੰਪਰਾ ਨੂੰ ਜਾਰੀ ਰੱਖਦਿਆਂ ਹਰ ਸਾਲ ਵਿਜੈਦਸ਼ਮੀ/ਦੁਸਹਿਰਾ ਮਨਾਇਆ ਜਾਂਦਾ ਹੈ।
ਦਸਹਿਰੇ ਦੇ ਨਾਲ ਹੀ ਅੱਸੂ ਮਹੀਨੇ ਦੇ ਸੁਦੀ/ਚਾਨਣ ਪੱਖ ਵਿਚ ਮਨਾਈ ਜਾਣ ਵਾਲੀ ਦੁਰਗਾ ਪੂਜਾ ਦਾ ਮੂਲ ਮੰਤਵ ਵੀ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਇਸ ਦਿਨ ਦੇਵੀ ਦੁਰਗਾ ਨੇ ਨੌਂ ਰਾਤਾਂ ਅਤੇ ਦਸ ਦਿਨ ਤੋਂ ਬਾਅਦ ਮਹਿਸ਼ਾਸੁਰ ’ਤੇ ਜਿੱਤ ਹਾਸਿਲ ਕੀਤੀ ਸੀ। ਵਿਜੈਦਸ਼ਮੀ ਜਾਂ ਦੁਰਗਾ ਪੂਜਾ ਦੋਵੇਂ ਹੀ ਰੂਪਾਂ ਵਿਚ ਇਹ ਸ਼ਕਤੀ ਪੂਜਾ ਦਾ ਤਿਉਹਾਰ ਹੈ ਜੋ ਲਗਭਗ ਦਸ ਦਿਨ ਲੰਮਾ ਚੱਲਦਾ ਹੈ। ਇਸ ਤਹਿਤ ਨੌਂ ਦਿਨ ਦੇਵੀ ਦੁਰਗਾ ਦੀ ਪੂਜਾ ਲਈ ਅਤੇ ਦਸਵਾਂ ਦਿਨ ਵਿਜੈਦਸ਼ਮੀ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਦਸਹਿਰੇ ਦੇ ਤਿਉਹਾਰ ਨੂੰ ਮਨਾਉਣ ਦੀਆਂ ਹੋਰ ਕਈ ਵੱਖੋ-ਵੱਖਰੀਆਂ ਸਭਿਆਚਾਰਕ ਮਾਨਤਾਵਾਂ ਹਨ ਜਿਵੇਂ ਕਿ; ਕਿਸਾਨਾਂ ਵਾਸਤੇ ਇਹ ਨਵੀਆਂ ਫ਼ਸਲਾਂ ਦੇ ਘਰ ਆਉਣ ਦਾ ਦਿਨ ਹੈ। ਕਿਸਾਨ ਇਸ ਖ਼ੁਸ਼ੀ ਦੇ ਮੌਕੇ ਪਰਮਾਤਮਾ ਦੀ ਕਿਰਪਾ ਨੂੰ ਮੰਨਦਾ ਹੋਇਆ, ਉਸ ਦੀ ਭਗਤੀ ਕਰਦਾ ਹੈ। ਪੁਰਾਤਨ ਕਾਲ ਵਿਚ ਇਸ ਦਿਨ ਔਜ਼ਾਰਾਂ ਅਤੇ ਹਥਿਆਰਾਂ ਦੀ ਪੂਜਾ ਕੀਤੀ ਜਾਂਦੀ ਸੀ ਕਿਉਂਕਿ ਪੁਰਾਣੇ ਲੋਕ ਇਸ ਨੂੰ ਯੁੱਧ ਵਿਚ ਮਿਲੀ ਜਿੱਤ ਦੇ ਜਸ਼ਨ ਦੇ ਰੂਪ ਵਿਚ ਦੇਖਦੇ ਸਨ। ਵਪਾਰੀ ਲੋਕ ਇਸ ਦਿਨ ਆਪਣੇ ਵਹੀ-ਖਾਤਿਆਂ ਦਾ ਪੂਜਨ ਕਰਦੇ ਹਨ। ਪ੍ਰਾਚੀਨ ਕਾਲ ਵਿਚ ਰਾਜੇ ਇਸ ਦਿਨ ਵਿਜੈ ਦੀ ਪ੍ਰਾਰਥਨਾ ਕਰ ਆਪਣੀ ਰਣ-ਯਾਤਰਾ ਸ਼ੁਰੂ ਕਰਦੇ ਸਨ। ਕਈ ਲੋਕਾਂ ਦਾ ਮੰਨਣਾ ਹੈ ਕਿ ਮਰਾਠਾ ਰਤਨ ਸ਼ਿਵਾਜੀ ਨੇ ਵੀ ਔਰੰਗਜ਼ੇਬ ਵਿਰੁੱਧ ਇਸ ਦਿਨ ਹੀ ਕੂਚ ਕਰਕੇ ਹਿੰਦੂ ਧਰਮ ਦੀ ਰੱਖਿਆ ਕੀਤੀ ਸੀ। ਪੁਰਾਣੇ ਸਮਿਆਂ ਤੋਂ ਇਹ ਲੋਕ ਮਾਨਤਾ ਰਹੀ ਹੈ ਕਿ ਆਪਣੇ ਦੁਸ਼ਮਣ ’ਤੇ ਜਿੱਤ ਹਾਸਿਲ ਕਰਨ ਲਈ ਇਸ ਸਮੇਂ ਹੀ ਕੂਚ ਕਰਨੀ ਚਾਹੀਦੀ ਹੈ।
ਅਜੋਕੇ ਸਮੇਂ ਵੀ ਦਸਹਿਰਾ ਇਨ੍ਹਾਂ ਪੌਰਾਣਿਕ ਕਥਾਵਾਂ ਦੇ ਆਧਾਰ ’ਤੇ ਹੀ ਮਨਾਇਆ ਜਾਂਦਾ ਹੈ। ਇਸ ਦੇ ਨਾਲ ਹੀ ਮਾਤਾ ਦੇ ਨਰਾਤਿਆਂ ਦੀ ਸਮਾਪਤੀ ਤੋਂ ਬਾਅਦ ਦਸਵੇਂ ਦਿਨ ਨੂੰ ਦੁਰਗਾ ਪੂਜਾ ਦੇ ਦਰਸ਼ਨ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਕਈ ਸਥਾਨਾਂ ’ਤੇ ਰਾਮਲੀਲਾ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਰਾਮ-ਰਾਵਣ ਦੇ ਯੁੱਧ ਨੂੰ ਨਾਟਕੀ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ। ਅੰਤਲੇ ਦਿਹਾੜੇ ਰਾਵਣ, ਕੁੰਭਕਰਣ ਅਤੇ ਮੇਘਨਾਥ ਦੇ ਵਿਸ਼ਾਲ ਪੁਤਲੇ ਬਣਾ ਕੇ ਉਨ੍ਹਾਂ ਨੂੰ ਸਾੜਿਆ ਜਾਂਦਾ ਹੈ। ਇਸ ਕਰਕੇ ਇਹ ਦਿਵਸ ਭਗਵਾਨ ਸ਼੍ਰੀ ਰਾਮ ਦੀ ਵੀਰਤਾ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਯਥਾਰਥਕ ਰੂਪ ਵਿਚ ਭਾਰਤੀ ਸਭਿਆਚਾਰ ਵੀਰਤਾ ਦਾ ਪੂਜਕ, ਸੂਰਮਤਾਈ ਦਾ ਉਪਾਸ਼ਕ ਹੈ। ਇੱਥੋਂ ਦੇ ਹਰ ਵਿਅਕਤੀ ਅਤੇ ਸਮਾਜ ਵਿਚ ਵੀਰਤਾ ਦੀ ਛਵੀ ਪ੍ਰਤੀਬਿੰਬਤ ਹੁੰਦੀ ਹੈ। ਇਸ ਲਈ ਵੀ ਸਾਡੇ ਭਾਰਤੀ ਸਮਾਜ/ਸਭਿਆਚਾਰ ਵਿਚ ਇਸ ਤਿਉਹਾਰ ਦੀ ਮਾਨਤਾ ਵਧ ਜਾਂਦੀ ਹੈ। ਅਸਲ ਵਿਚ ਇਹ ਤਿਉਹਾਰ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਸਮਾਜ ਵਿਚ ਬੁਰਾਈ ਕਿਸੇ ਵੀ ਰੂਪ ਵਿਚ ਹੋ ਸਕਦੀ ਹੈ ਜਿਵੇਂ ਗੁੱਸਾ, ਵੈਰ, ਝੂਠ, ਸਾੜਾ, ਦੁੱਖ ਅਤੇ ਆਲਸ ਆਦਿ ਕਿਸੇ ਵੀ ਅੰਦਰੂਨੀ ਬੁਰਾਈ ਨੂੰ ਖ਼ਤਮ ਕਰਨਾ ਆਪਣੇ-ਆਪ ਵਿਚ ਆਤਮਿਕ ਜਿੱਤ ਹਾਸਿਲ ਕਰਨਾ ਹੁੰਦਾ ਹੈ। ਤਿਉਹਾਰ ਜ਼ਿੰਦਗੀ ਵਿਚ ਚੰਗੇ ਕੰਮ ਕਰਨ ਦੀ ਪ੍ਰੇਰਨਾ ਦਿੰਦਿਆਂ ਸ਼ਾਂਤੀ, ਬਿਹਤਰੀ ਅਤੇ ਖ਼ੁਸ਼ੀਆਂ ਲਿਆਉਂਦੇ ਹਨ। ਖ਼ੁਸ਼ੀ ਦੇ ਇਸ ਮੌਕੇ ’ਤੇ ਲੋਕਾਂ ਨੂੰ ਹਰ ਪ੍ਰਕਾਰ ਦੀਆਂ ਬੁਰਾਈਆਂ ਨੂੰ ਛੱਡ ਕੇ ਆਪਸੀ ਸਦਭਾਵ ਅਤੇ ਭਾਈਚਾਰਕ ਸਾਂਝ ਵਧਾਉਣੀ ਚਾਹੀਦੀ ਹੈ। ਸਮੁੱਚੇ ਰੂਪ ਵਿਚ ਇਹ ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਅਤੇ ਆਪਸੀ ਭਾਈਚਾਰੇ ਨੂੰ ਵਧਾਉਣ ਦਾ ਦਿਨ ਹੈ ਜਿਸ ਵਿਚ ਮਨੁੱਖ ਆਪਣੇ ਮਨ ਵਿਚਲੀ ਨਫ਼ਰਤ ਦੀ ਭਾਵਨਾ ਨੂੰ ਖ਼ਤਮ ਕਰਦਾ ਹੈ। ਇਹ ਤਿਉਹਾਰ ਸਾਨੂੰ ਉਸ ਏਕਤਾ ਦੀ ਸ਼ਕਤੀ ਅਤੇ ਨੈਤਿਕ ਮੁੱਲਾਂ ਦੀ ਯਾਦ ਦਿਵਾਉਂਦੇ ਹਨ ਜਿਨ੍ਹਾਂ ਨੂੰ ਆਧੁਨਿਕ ਮਨੁੱਖ ਲਗਪਗ ਵਿਸਾਰ ਚੁੱਕਿਆ ਹੈ। ਤਿਉਹਾਰ ਹੀ ਸਾਨੂੰ ਸਾਡੀਆਂ ਜੜ੍ਹਾਂ ਨਾਲ ਜੋੜੀ ਰੱਖਦੇ ਹਨ।
ਈ-ਮੇਲ: drmanisha.batra@gmail.com
ਸੰਪਰਕ: 98912-71517