ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਹਿਜ਼ਬੁਲ ਮੁਜਾਹਿਦੀਨ (ਐੱਚਐੱਮ), ਲਸ਼ਕਰ-ਏ-ਤਇਬਾ ਤੇ ਹੋਰ ਪਾਬੰਦੀਸ਼ੁਦਾ ਜਥੇਬੰਦੀਆਂ ਦੇ 10 ਮੈਂਬਰਾਂ ਨੂੰ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂਏਪੀਏ) ਤਹਿਤ ਦਹਿਸ਼ਤਗਰਦ ਐਲਾਨ ਦਿੱਤਾ ਹੈ, ਜਿਨ੍ਹਾਂ ਵਿੱਚ ਹਬੀਬਉੱਲ੍ਹਾ ਮਲਿਕ ਉਰਫ਼ ਸਾਜਿਦ ਜੱਟ, ਪਾਕਿਸਤਾਨੀ ਨਾਗਰਿਕ; ਜੰਮੂ ਕਸ਼ਮੀਰ ਦੇ ਬਾਰਾਮੁੱਲਾ ਨਾਲ ਸਬੰਧਤ ਬਾਸਿਤ ਅਹਿਮਦ ਰੇਸ਼ੀ, ਜੋ ਮੌਜੂਦਾ ਸਮੇਂ ਪਾਕਿਸਤਾਨ ਵਿੱਚ ਹੈ, ਇਮਤਿਆਜ਼ ਅਹਿਮਦ ਕੰਡੂ ਉਰਫ਼ ਸਜਾਦ ਵਾਸੀ ਸੋਪੋਰ ਜੰਮੂ ਕਸ਼ਮੀਰ ਹਾਲ ਵਾਸੀ ਪਾਕਿਸਤਾਨ, ਜ਼ਫ਼ਰ ਇਕਬਾਲ ਉਰਫ਼ ਸਲੀਮ ਵਾਸੀ ਪੁਣਛ ਹਾਲ ਵਾਸੀ ਪਾਕਿਸਤਾਨ ਤੇ ਸ਼ੇਖ ਜਮੀਲ-ਉਰ-ਰਹਿਮਾਨ ਉਰਫ਼ ਸ਼ੇਖ਼ ਸਾਹਿਬ ਵਾਸੀ ਪੁਲਵਾਮਾ ਸ਼ਾਮਲ ਹਨ। ਜਿਨ੍ਹਾਂ ਪੰਜ ਹੋਰਨਾਂ ਨੂੰ ਦਹਿਸ਼ਤਗਰਦ ਐਲਾਨਿਆ ਗਿਆ ਹੈ, ਉਨ੍ਹਾਂ ਵਿੱਚ ਬਿਲਾਲ ਅਹਿਮਦ ਬੇਗ਼ ਉਰਫ਼ ਬਾਬਰ, ਵਾਸੀ ਸ੍ਰੀਨਗਰ (ਮੌਜੂਦਾ ਸਮੇਂ ਪਾਕਿਸਤਾਨ ਵਿੱਚ), ਪੁਣਛ ਦਾ ਰਫ਼ੀਕ ਨਾਈ ਉਰਫ਼ ਸੁਲਤਾਨ, ਡੋਡਾ ਦਾ ਇਰਸ਼ਾਦ ਅਹਿਮਦ ਉਰਫ਼ ਇਦਰੀਸ, ਕੁਪਵਾੜਾ ਦਾ ਬਸ਼ੀਰ ਅਹਿਮਦ ਪੀਰ ਉਰਫ ਇਮਤਿਆਜ਼ ਤੇ ਬਾਰਾਮੁੱਲਾ ਦਾ ਸ਼ੌਕਤ ਅਹਿਮਦ ਸ਼ੇਖ਼ ਉਰਫ਼ ਸ਼ੌਕਤ ਮੋਚੀ (ਜੋ ਮੌਜੂਦਾ ਸਮੇਂ ਪਾਕਿਸਤਾਨ ’ਚ ਹੈ) ਸ਼ਾਮਲ ਹਨ। ਗ੍ਰਹਿ ਮੰਤਰਾਲੇ ਨੇ ਲੰਘੇ ਦਿਨ ਜਾਰੀ ਵੱਖਰੇ ਨੋਟੀਫਿਕੇਸ਼ਨ ਵਿੱਚ ਕਿਹਾ ਸੀ ਕਿ ਹਬੀਬਉੱਲ੍ਹਾ ਮਲਿਕ ਪੁਣਛ ਵਿੱਚ ਭਾਰਤੀ ਸੁਰੱਖਿਆ ਬਲਾਂ ’ਤੇ ਹਮਲੇ ਕਰਨ ਵਾਲੇ ਦਹਿਸ਼ਤਗਰਦਾਂ ਦਾ ਪ੍ਰਮੁੱਖ ਹੈਂਡਲਰ ਸੀ ਤੇ ਉਹ ਜੰਮੂ ਖੇਤਰ ਵਿੱਚ ਡਰੋਨਾਂ ਜ਼ਰੀਏ ਹਥਿਆਰ ਤੇ ਹੋਰ ਸੰਚਾਰ ਸਾਧਨ ਸੁੱਟਣ ਵਿੱਚ ਸ਼ਾਮਲ ਸੀ। ਮਲਿਕ ਮੁੱਖ ਤੌਰ ’ਤੇ ਲਸ਼ਕਰ ਤਇਬਾ ਤੇ ਦਿ ਰਜ਼ਿਸਟੈਂਸ ਫਰੰਟ (ਟੀਆਰਐੱਫ) ਨਾਲ ਜੁੜਿਆ ਹੋਇਆ ਸੀ। ਮੰਤਰਾਲੇ ਨੇ ਬਿਆਨ ਵਿੱਚ ਹੋਰਨਾਂ ਦਹਿਸ਼ਤਗਰਦਾਂ ਬਾਰੇ ਵੀ ਵੇਰਵੇ ਸਾਂਝੇ ਕੀਤੇ ਹਨ। -ਪੀਟੀਆਈ