ਮੁੰਬਈ, 5 ਅਕਤੂਬਰ
ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਤੇ ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ ਨੇ ਮੌਜੂਦਾ ਮੁੱਖਮੰਤਰੀ ਏਕਨਾਥ ਸ਼ਿੰਦੇ ’ਤੇ ਅੱਜ ਜ਼ੋਰਦਾਰ ਹਮਲੇ ਕਰਦਿਆਂ ਉਸ ਨੂੰ ‘ਗੱਦਾਰ’ ਕਰਾਰ ਦਿੱਤਾ ਹੈ। ਊਧਵ ਨੇ ਸ਼ਿੰਦੇ ਦੇ ਹਵਾਲੇ ਨਾਲ ਕਿਹਾ ਕਿ ਇਸ ਸਾਲ ਰਾਵਣ ਕੁਝ ਵੱਖਰਾ ਹੈ। ਰਾਵਣ ਦੇ ਆਮ ਕਰਕੇ ਦਸ ਸਿਰ ਹੁੰਦੇ ਹਨ, ਪਰ ਇਸ ਰਾਵਣ ਦੇ 50(ਸਿਰ) ਹਨ। ਠਾਕਰੇ ਮੁੰਬਈ ਦੇ ਦਾਦਰ ਵਿਚਲੇ ਇਤਿਹਾਸਕ ਸ਼ਿਵਾਜੀ ਪਾਰਕ ਵਿੱਚ ਦਸਹਿਰਾ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਊਧਵ ਠਾਕਰੇ ਨੇ ਸ਼ਿੰਦੇ ਧੜੇ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਇਹ ਪਰਜੀਵੀਆਂ ਦਾ ਸਮੂਹ ਹੈ, ਜਿਨ੍ਹਾਂ ਦੀ ਆਪਣੀ ਨਾ ਤਾਂ ਕੋਈ ਪਛਾਣ ਹੈ ਤੇ ਨਾ ਜੜ੍ਹਾਂ ਹਨ। ਉਹ ਵੱਡਾ ਦਰੱਖ਼ਤ ਹੋਣ ਦਾ ਦਾਅਵਾ ਨਹੀਂ ਕਰ ਸਕਦੇ। ਠਾਕਰੇ ਨੇ ਕਿਹਾ, ‘‘ਵੱਡੇ ਦਰੱਖ਼ਤ ਦੀਆਂ ਜੜ੍ਹਾਂ ਜ਼ਮੀਨ ਵਿੱਚ ਹੁੰਦੀਆਂ ਹਨ। ਮੈਂ ਤਾਂ ਇਨ੍ਹਾਂ ਨੂੰ ਪਰਜੀਵੀਆਂ ਦੀ ਸੈਨਾ ਵੀ ਨਹੀਂ ਕਹਿਣਾ ਚਾਹੁੰਦਾ। ਇਹ ਸੈਨਾ ਸ਼ਬਦ ਦਾ ਨਿਰਾਦਰ ਹੋਵੇਗਾ। ਇਹ ਪਰਜੀਵੀਆਂ ਦਾ ਸਮੂਹ ਤਾਂ ਹੋ ਸਕਦਾ ਹੈ।’’ ਆਪਣੀ ਤਕਰੀਰ ਦੌਰਾਨ ਠਾਕਰੇ ਨੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਦੇ ਅੱਜ ਸਵੇਰੇ ਨਾਗਪੁਰ ਵਿੱਚ ਮਹਿਲਾਵਾਂ ਨੂੰ ਵਧੇਰੇ ਸਸ਼ਕਤ ਬਣਾਉਣ ਵਾਲੇ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਜਦੋਂ ਅੰਕਿਤਾ ਭੰਡਾਰੀ ਉੱਤਰਾਖੰਡ ਕਤਲ ਕੇਸ, ਜੋ ਨਿਊਜ਼ ਰਿਪੋਰਟਾਂ ਮੁਤਾਬਕ ਭਾਜਪਾ ਆਗੂ ਦੇ ਰਿਜ਼ੌਰਟ ’ਚ ਹੋਇਆ ਸੀ, ਦੀ ਗੱਲ ਹੁੰਦੀ ਹੈ ਤਾਂ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਜਾਂ ਉਨ੍ਹਾਂ ਦੇ ਹੱਕਾਂ ਦਾ ਕੀ ਬਣਦਾ ਹੈ। ਠਾਕਰੇ ਨੇ ਬਿਲਕੀਸ ਬਾਨੋ ਕੇਸ ਦਾ ਵੀ ਹਵਾਲਾ ਦਿੱਤਾ। ਠਾਕਰੇ ਨੇ ਕਿਹਾ ਕਿ ਭਾਜਪਾ ਗਊ ਦੀ ਗੱਲ ਤਾਂ ਕਰਦੀ ਹੈ, ਪਰ ਮਹਿੰਗਾਈ ਦੀ ਨਹੀਂ। ਠਾਕਰੇ ਨੇ ਕਿਹਾ ਕਿ ਉਨ੍ਹਾਂ ਨੂੰ ਹਿੰਦੂਤਵ ਬਾਰੇ ਭਾਜਪਾ ਦੇ ਸਬਕ ਦੀ ਲੋੜ ਨਹੀਂ ਹੈ। -ਏਜੰਸੀ
ਸ਼ਿਵ ਸੈਨਾ ਠਾਕਰੇ ਦੀ ਨਿੱਜੀ ਜਾਗੀਰ ਨਹੀਂ, ਅਸੀਂ ਗੱਦਾਰ ਨਹੀਂ ਇਨਕਲਾਬੀ ਹਾਂ: ਸ਼ਿੰਦੇ
ਮੁੰਬਈ: ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਬੀਕੇਸੀ ਦੇ ਐੱਮਐੱਮਆਰਡੀਏ ਮੈਦਾਨ ਵਿੱਚ ਦਸਹਿਰਾ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਿਵ ਸੈਨਾ ਊਧਵ ਠਾਕਰੇੇੇ ਦੀ ਨਿੱਜੀ ਜਗੀਰ ਨਹੀਂ ਹੈ। ਸ਼ਿੰਦੇ ਨੇ ਕਿਹਾ ਕਿ ਉਹ ਗੱਦਾਰ ਨਹੀਂ ਇਨਕਲਾਬੀ ਹਨ। ਉਨ੍ਹਾਂ ਕਿਹਾ ਕਿ ਊਧਵ ਨੇ ਕਾਂਗਰਸ ਤੇ ਐੱਨਸੀਪੀ ਨਾਲ ਗੱਠਜੋੜ ਕਰਕੇ ਮਹਾਰਾਸ਼ਟਰ ਦੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਸ਼ਿੰਦੇ ਧੜੇ ਦੀ ਰੈਲੀ ਵਿੱਚ ਬਾਲ ਠਾਕਰੇ ਦੇ ਪੁੱਤਰ ਜੈਦੇਵ ਵੀ ਸ਼ਾਮਲ ਹੋਏ। ਸ਼ਿੰਦੇ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਦਾਨ ਵਿਚ ਜੁੜੇ ਇਕੱਠ ਤੋਂ ਸਾਫ਼ ਹੈ ਕਿ ਬਾਲਾ ਸਾਹਿਬ ਠਾਕਰੇ ਦੀ ਵਿਰਾਸਤ ਦਾ ਅਸਲ ਉੱਤਰਾਧਿਕਾਰੀ ਕੌਣ ਹੈ। ਉਨ੍ਹਾਂ ਕਿਹਾ ਕਿ ਅਸੈਂਬਲੀ ਚੋਣਾਂ ਦੌਰਾਨ ਮਹਾਰਾਸ਼ਟਰ ਦੇ ਵੋਟਰਾਂ ਨੇ ਤੁਹਾਨੂੰ (ਠਾਕਰੇ) ਤੇ ਭਾਜਪਾ ਨੂੰ ਚੁਣਿਆ, ਪਰ ਤੁਸੀਂ ਕਾਂਗਰਸ ਤੇ ਐੱਨਸੀਪੀ ਨਾਲ ਗੱਠਜੋੜ ਕਰਕੇ ਲੋਕਾਂ ਨਾਲ ਦਗ਼ਾ ਕੀਤਾ। ਸ਼ਿੰਦੇ ਨੇ ਊਧਵ ਠਾਕਰੇ ਨੂੰ ਕਿਹਾ ਕਿ ਉਹ ਮੁੰਬਈ ਵਿੱਚ ਬਾਲ ਠਾਕਰੇ ਦੀ ਯਾਦਗਾਰ ’ਤੇ ਗੋਡਿਆਂ ਭਾਰ ਹੋ ਕੇ ਮਹਾਰਾਸ਼ਟਰ ਦੇ ਲੋਕਾਂ ਨਾਲ ਕੀਤੇ ਵਿਸ਼ਵਾਸਘਾਤ ਲਈ ਮੁਆਫ਼ੀ ਮੰਗਣ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਠਾਕਰੇ ਦੀ ਪ੍ਰਾਈਵੇਟ ਲਿਮਟਿਡ ਕੰਪਨੀ ਨਹੀਂ ਹੈ। ਇਹ ਆਮ ਸੈਨਾ ਵਰਕਰਾਂ ਦੇ ਯਤਨਾਂ ਨਾਲ ਬਣੀ ਪਾਰਟੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਨਿਰਮਾਣ ਵਿੱਚ ਆਰਐੱਸਐੱਸ ਦਾ ਬਹੁਮੁੱਲਾ ਯੋਗਦਾਨ ਹੈ। ਸ਼ਿੰਦੇ ਧੜੇ ਨੇ ਜਿਸ ਥਾਂ ਰੈਲੀ ਕੀਤੀ, ਉਹ ਠਾਕਰੇ ਪਰਿਵਾਰ ਦੀ ਬਾਂਦਰਾ ਵਿਚਲੀ ਨਿੱਜੀ ਰਿਹਾਇਸ਼ ‘ਮਾਤੋਸ੍ਰੀ’ ਦੇ ਨੇੜੇ ਸੀ। ਇਸ ਤੋਂ ਪਹਿਲਾਂ ਅੱਜ ਦਿਨੇਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼ਿੰਦੇ ਨੇ ਹਿੰਦੀ ਦੇ ਉੱਘੇ ਕਵੀ ਹਰਿਵੰਸ਼ ਰਾਏ ਬੱਚਨ ਦੀਆਂ ਸਤਰਾਂ ਟਵੀਟ ਕਰਦੇ ਹੋਏ ਕਿਹਾ, ‘‘ਮੇਰੇ ਬੇਟੇ, ਬੇਟੇ ਹੋਨੇ ਸੇ ਮੇਰੇ ਉੱਤਰਾਧਿਕਾਰੀ ਨਹੀਂ ਹੋਂਗੇ, ਜੋ ਮੇਰੇ ਉੱਤਰਾਧਿਕਾਰੀ ਹੋਂਗੇ, ਵੋ ਮੇਰੇ ਬੇਟੇ ਹੋਂਗੇ।’ ਸ਼ਿੰਦੇ ਦਾ ਇਹ ਟਵੀਟ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਤੇ ਉਨ੍ਹਾਂ ਦੇ ਪੁੱਤਰ ਆਦਿੱਤਿਆ ਠਾਕਰੇ ਵੱਲ ਸੇਧਿਤ ਸੀ। -ਪੀਟੀਆਈ