ਸੁਲੱਖਣ ਸਰਹੱਦੀ
ਹਥਲੀ ਪੁਸਤਕ ‘ਸਾਡਾ ਸੂਫ਼ੀ ਵਿਰਸਾ’ (ਕੀਮਤ: 270 ਰੁਪਏ; ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ) ਡਾ. ਧਰਮ ਸਿੰਘ ਦੀ ਪੰਦਰ੍ਹਵੀਂ ਪੁਸਤਕ ਹੈ। ਲੇਖਕ ਦੀ ਮੱਧਕਾਲੀਨ ਪੰਜਾਬੀ ਸਾਹਿਤ ਉੱਤੇ ਡੂੰਘੀ ਪਕੜ ਹੈ। ਇਸ ਤੋਂ ਪਹਿਲਾਂ ਉਸ ਦੀਆਂ ਕਵੀ ਸੋਧਾਂ: ਇਕ ਆਲੋਚਨਾਤਮਕ ਅਧਿਐਨ, ਮੱਧਕਾਲੀਨ ਪੰਜਾਬੀ ਸਾਹਿਤ: ਤੱਥ ਅਤੇ ਸਰੋਤ, ਸਾਹਿਤ ਅਵਲੋਕਨ, ਮੱਧਕਾਲੀਨ ਕਾਵਿ ਸੁਗੰਧੀਆਂ, ਪੰਜਾਬੀ ਖੋਜ ਸੰਦਰਭ, ਖੋਜ ਵਿਧੀ ਵਿਗਿਆਨ ਅਤੇ ਪੰਜਾਬੀ ਖੋਜਕਾਰ ਅਤੇ ਪੰਜਾਬੀ ਖੋਜ ਦਾ ਇਤਿਹਾਸ ਆਦਿ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਡਾ. ਧਰਮ ਸਿੰਘ ਦੀ ਵਿਚਾਰ ਅਧੀਨ ਪੁਸਤਕ ‘ਸਾਡਾ ਸੂਫ਼ੀ ਵਿਰਸਾ’ ਇਸ ਖੇਤਰ ਦੀ ਧਰੋਹਰ ਪੁਸਤਕ ਹੈ। ਡਾ. ਧਰਮ ਸਿੰਘ ਨੇ ਸੂਫ਼ੀ ਕਵਿਤਾ ਬਾਰੇ ਵਿਦਵਤਾ ਭਰਪੂਰ ਕਾਰਜ ਕਰ ਕੇ ਸ਼ਲਾਘਾਯੋਗ ਕੰਮ ਕੀਤਾ ਹੈ। ਗਿਆਰਵੀਂ ਤੋਂ ਅਠਾਰਵੀਂ ਸਦੀ ਤੱਕ ਜਿੱਥੇ ਪੰਜਾਬੀਆਂ ਦਾ ਇਸਲਾਮਿਕ ਰਹਿਤਲ ਤੇ ਜੰਗਜੂ ਸਥਿਤੀ ਨਾਲ ਨੇੜਲਾ ਵਾਹ-ਵਾਸਤਾ ਰਿਹਾ, ਉੱਥੇ ਏਸ ਸਭਿਆਚਾਰਕ ਟਕਰਾਓ ਦੀ ਕੁੜੱਤਣ ਵਿਚ ਮਿਠਾਸ ਭਰਦੇ ਸੂਫ਼ੀ ਸੰਤਾਂ ਦੇ ਕਾਵਿਕ ਬਚਨ ਵੀ ਗੁਲਾਬ ਵਾਂਗ ਮਹਿਕ ਵੰਡਦੇ ਨਜ਼ਰ ਆਉਂਦੇ ਹਨ। ਸੂਫ਼ੀ ਸਾਹਿਤ ਗੰਗਾ ਜਮਨੀ ਰੰਗਤ ਅਤੇ ਮਾਨਸਿਕਤਾ ਦੀ ਜਿਊਂਦੀ ਜਾਗਦੀ ਤਸਵੀਰ ਹੈ ਜਿਸ ਦੀ ਗੂੰਜ ਜਨ ਜਨ ਤੇ ਘਰ ਘਰ ਤੱਕ ਪਹੁੰਚੀ।
ਹਥਲੀ ਪੁਸਤਕ ਇਕ ਖੋਜ ਪੁਸਤਕ ਹੈ ਜਿਸ ਵਿਚ ਲੇਖਕ ਨੇ ਸੱਤ ਸਦੀਆਂ ਵਿਚ ਫੈਲੇ ਸੂਫ਼ੀ ਕਾਵਿ ਦਾ ਤਰਕਸੰਗਤ ਢੰਗ ਨਾਲ ਵਿਸ਼ਲੇਸ਼ਣ ਕਰ ਕੇ ਪ੍ਰਕਾਸ਼ਮਾਨ ਕੀਤਾ ਹੈ। ਬੇਸ਼ੱਕ ਪੰਜਾਬੀ ਕਾਵਿ ਦ੍ਰਿਸ਼ਟੀ ਵਿਚ ਬਹੁਤ ਸਾਰੇ ਸੂਫ਼ੀ ਸੰਤਾਂ ਦੀ ਅਕਾਦਮਿਕ ਹਲਕਿਆਂ ਵਿਚ ਚਰਚਾ ਸੀ, ਪਰ ਵਿਦਵਾਨ ਲੇਖਕ ਨੇ ਕਈ ਐਸੇ ਸੰਦਰਭ ਪੇਸ਼ ਕੀਤੇ ਹਨ ਜੋ ਇਸ ਖੇਤਰ ਵਿਚ ਬਿਲਕੁਲ ਅਛੂਤੇ ਹਨ। ਮਿਸਾਲ ਦੇ ਤੌਰ ’ਤੇ ਹੁਣ ਤੱਕ ਸਮਾਲੋਚਨਾ ਅਤੇ ਅਕਾਦਮਿਕ ਹਲਕੇ ਹਜ਼ਰਤ ਸੁਲਤਾਨ ਬਾਹੂ ਦੀ ਸੂਫ਼ੀ ਵਿਚਾਰਧਾਰਾ ਉਸ ਦੀ ਇਕਲੌਤੀ ਸੀਹਰਫ਼ੀ ਆਬਿਆਤੇ ਬਾਹੂ ਨਾਲ ਹੀ ਨਿਰਧਾਰਤ ਕਰਦੇ ਰਹੇ ਹਨ। ਪਰ ਵਿਰਲੇ ਲੋਕ ਹੀ ਜਾਣਦੇ ਹਨ ਕਿ ਬਾਹੂ ਨੇ 100 ਦੇ ਕਰੀਬ ਹੋਰ ਪੁਸਤਕਾਂ ਵੀ ਰਚੀਆਂ। ਡਾ. ਧਰਮ ਸਿੰਘ ਨੇ ਇਸ ਪੁਸਤਕ ਵਿਚ ਸੁਲਤਾਨ ਬਾਹੂ ਦੀ ਬਹੁ-ਚਰਚਿਤ ਪੁਸਤਕ ‘ਹੱਕ ਨੁਮਾਏ’ ਰੌਸ਼ਨੀ ਵਿਚ ਲਿਆ ਕਿ ਸੂਫ਼ੀ ਕਾਵਿ ਦੇ ਅਧਿਐਨ ਵਿਚ ਨਿੱਗਰ ਵਾਧਾ ਕੀਤਾ ਹੈ। ਅਜਿਹੀ ਹੀ ਇਕ ਹੋਰ ਪੁਸਤਕ ‘ਇਰਫ਼ਾਨ’ ਹੈ ਜੋ ਸੁਲਤਾਨ ਬਾਹੂ ਦੇ ਰੂਹਾਨੀ ਸ਼ਾਗਿਰਦ ਨੂਰ ਮੁਹੰਮਦ ਕਲਾਂਚਵੀ ਨੇ ਲਿਖੀ ਸੀ। ਇਹ ਦੋਵੇਂ ਸੂਫ਼ੀ ਮੱਤ ਦੇ ਸਿਧਾਂਤਾਂ ਸਬੰਧੀ ਮਹੱਤਵਪੂਰਨ ਪੁਸਤਕਾਂ ਹਨ ਜਿਨ੍ਹਾਂ ਦਾ ਪੰਜਾਬੀ ਅਨੁਵਾਦ ਇਨ੍ਹਾਂ ਸਤਰਾਂ ਦੇ ਲੇਖਕ (ਸੁਲੱਖਣ ਸਰਹੱਦੀ) ਨੇ ਕੀਤਾ ਹੈ।
ਸਾਡਾ ਸੂਫ਼ੀ ਵਿਰਸਾ ਪੁਸਤਕ ਨੂੰ ਲੇਖਕ ਨੇ ਚਾਰ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਨੌਂ ਅਣਗੌਲੇ ਸੂਫ਼ੀ ਕਵੀਆਂ ਦੇ ਜੀਵਨ ਅਤੇ ਉਨ੍ਹਾਂ ਦੀ ਪੰਜਾਬੀ ਕਵਿਤਾ ਸਬੰਧੀ ਸਾਰਥਿਕ ਤਜ਼ਕਰੇ ਹਨ। ਨਾਵਾਂ ਦੇ ਰਲੇਵੇਂ ਕਾਰਨ ਹੋਰ ਕਵੀਆਂ ਦੀ ਵੀ ਕਵਿਤਾ ਦੇ ਫ਼ਰਕ ਸਾਹਮਣੇ ਲਿਆਂਦੇ ਹਨ।
ਦੂਜੇ ਭਾਗ ਵਿਚ ਸੂਫ਼ੀ ਸਰੋਤ ਗ੍ਰੰਥਾਂ ਬਾਰੇ ਚਰਚਾ ਕੀਤੀ ਗਈ ਹੈ। ਇਨ੍ਹਾਂ ਸਰੋਤ ਪੁਸਤਕਾਂ ਬਾਰੇ ਇਸ ਤੋਂ ਪਹਿਲਾਂ ਇਸ ਪ੍ਰਸੰਗ ਵਿਚ ਚਰਚਾ ਜਾਂ ਤਾਂ ਨਹੀਂ ਹੋਇਆ ਜਾਂ ਬਹੁਤ ਘੱਟ ਹੋਇਆ ਸੀ।
ਤੀਜੇ ਤੇ ਮਹੱਤਵਪੂਰਨ ਭਾਗ ਵਿਚ ਵਿਦਵਾਨ ਲੇਖਕ ਨੇ ਨੌਂ ਵਿਸ਼ਿਆਂ ਉਪਰ ਖੋਜ ਭਰਪੂਰ ਵਿਵੇਚਨਾ ਕੀਤੀ ਹੈ। ਇਸ ਦਾ ਨਾਮ ਹੈ ਸੂਫ਼ੀਵਾਦ ਅਤੇ ਪੰਜਾਬੀ ਸਹਿਤ। ਆਮ ਕਰਕੇ ਆਧੁਨਿਕ ਕਹੀ ਜਾਂਦੀ ਪੰਜਾਬੀ ਕਵਿਤਾ ਉੱਪਰ ਸੂਫ਼ੀ ਪ੍ਰਭਾਵ ਨੂੰ ਉਜਾਗਰ ਕਰ ਕੇ ਲੇਖਕ ਨੇ ਨਵੇਂ ਦਿਸਹੱਦਿਆਂ ਦੀ ਪਛਾਣ ਕਰਵਾਈ ਹੈ ਅਤੇ ਇਹ ਸਾਬਤ ਕੀਤਾ ਹੈ ਕਿ ਅਸਲੋਂ ਨਵੀਂ ਕਹੀ ਜਾਣ ਵਾਲੀ ਕਵਿਤਾ ਵੀ ਕਿਸੇ ਨਾ ਕਿਸੇ ਰੂਪ ਵਿਚ ਪ੍ਰੰਪਰਾ ਨਾਲ ਜੁੜੀ ਰਹਿੰਦੀ ਹੈ। ਅੰਤਲੇ ਅਤੇ ਚੌਥੇ ਭਾਗ ਵਿਚ ਫੁਟਕਲ ਵਿਸ਼ਿਆਂ ਵਿਚ ਪੰਜਾਬੀ ਸੂਫ਼ੀ ਪ੍ਰੰਪਰਾ ਵਿਚ ਵਲਾਇਤ ਦੇ ਰੂਹਾਨੀਅਤ ਅਤੇ ਸੰਸਾਰਿਕ ਸੰਕਲਪ ਪੇਸ਼ ਕੀਤੇ ਗਏ ਹਨ ਜੋ ਅਪਰੂਵ ਹਨ।
ਡਾ. ਧਰਮ ਸਿੰਘ ਨੇ ਇਸ ਬਹਿਸ ਨੂੰ ਫਿਰ ਤੋਂ ਫੈਸਲਕੁੰਨ ਆਧਾਰ ਪ੍ਰਦਾਨ ਕੀਤਾ ਹੈ ਜਿਸ ਵਿਚ ਬਾਬਾ ਸ਼ੇਖ ਫ਼ਰੀਦ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਨੂੰ ਪੂਰਨ ਤੌਰ ’ਤੇ ‘ਬਾਣੀ ਬਾਬਾ ਫ਼ਰੀਦ ਜੀ’ ਹੀ ਸਵੀਕਾਰ ਕੀਤਾ ਹੈ। ਲੇਖਕ ਨੇ ਫ਼ਰੀਦ ਜੀ ਦੀ ਬਾਣੀ ਉੱਤੇ ਖੋਜ ਭਰਪੂਰ ਕਾਰਜ ਕੀਤਾ ਹੈ ਜੋ ਪੂਰਬਲੀ ਖੋਜ ਤੋਂ ਅਗਾਂਹ ਦੀ ਸਥਿਤੀ ਵਜੋਂ ਸਵੀਕਾਰਿਆ ਜਾ ਸਕਦਾ ਹੈ। ਅਸੀਂ ਇਹ ਨੋਟ ਕਰਦੇ ਹਾਂ ਕਿ ਸੂਫ਼ੀ ਕਵਿਤਾ ਅਤੇ ਸੂਫ਼ੀ ਕਵੀਆਂ ਸਬੰਧੀ ਹੀ ਨਹੀਂ ਸਗੋਂ ਇਹ ਇਸ ਖੇਤਰ ਦੇ ਹੋਰ ਵੀ ਸੰਦਰਭਾਂ ਦੀ ਖੋਜ ਪੁਸਤਕ ਹੈ ਅਤੇ ਇਸ ਖੇਤਰ ਵਿਚ ਖੋਜ-ਮੁਖੀ ਵਾਧਾ ਕਰਨ ਦੇ ਸਮਰੱਥ ਹੈ।