ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਇੱਥੇ ਦਸਹਿਰਾ ਉਤਸ਼ਾਹ ਨਾਲ ਮਨਾਇਆ ਗਿਆ। ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਅਦ ਦੁਪਹਿਰ ਸਜਾਏ ਗਏ ਨਗਰ ਕੀਰਤਨ ਨਾਲ ਦਸਹਿਰੇ ਦਾ ਜੋੜ ਮੇਲਾ ਅਮਨ-ਅਮਾਨ ਨਾਲ ਸਮਾਪਤ ਹੋ ਗਿਆ। ਇਸ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਗੁਰਦੁਆਰਾ ਕਤਲਗੜ੍ਹ ਸਾਹਿਬ ਤੋਂ ਸਜਾਏ ਗਏ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਹੈੱਡ ਗ੍ਰੰਥੀ ਭਾਈ ਗੁਰਮੀਤ ਸਿੰਘ ਵੱਲੋਂ ਕੀਤੀ ਗਈ। ਇਹ ਨਗਰ ਕੀਰਤਨ ਗੁਰਦੁਆਰਾ ਕਤਲਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਇੱਥੋਂ ਦੇ ਇਤਿਹਾਸਕ ਗੁਰਦੁਆਰਿਆਂ ਨੂੰ ਨਤਮਸਤਕ ਹੁੰਦਾ ਹੋਇਆ ਮੁੜ ਕਤਲਗੜ੍ਹ ਸਾਹਿਬ ਵਿਖੇ ਸਮਾਪਤ ਹੋਇਆ। ਇਸ ਮੌਕੇ ਮੈਨੇਜਰ ਭਾਈ ਨੱਥਾ ਸਿੰਘ ਤੇ ਅਕਾਲੀ ਆਗੂ ਅਮਨਦੀਪ ਸਿੰਘ ਮਾਂਗਟ ਆਦਿ ਹਾਜ਼ਰ ਸਨ।