ਲਖਨਊ, 11 ਮਾਰਚ
ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਮੁਸਲਮਾਨਾਂ ਨੂੰ ਪਾਰਟੀ ਤੋਂ ਦੂਰ ਕਰਨ ਦਾ ਠੀਕਰਾ ‘ਜਾਤੀਵਾਦੀ ਮੀਡੀਆ’ ਸਿਰ ਭੰਨਿਆ ਹੈ। ਮਾਇਆਵਤੀ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਦੇ ਸੱਤਾ ਵਿੱਚ ਆਉਣ ਨਾਲ ‘ਜੰਗਲ ਰਾਜ’ ਦੇ ਖ਼ੌਫ ਕਰਕੇ ਉਨ੍ਹਾਂ ਦੀ ਪਾਰਟੀ ਦੇ ਕੁਝ ਹਮਾਇਤੀ ਭਾਜਪਾ ਵੱਲ ਤਬਦੀਲ ਹੋ ਗਏ। ਬਸਪਾ ਨੂੰ ਉੱਤਰ ਪ੍ਰਦੇਸ਼ ਅਸੈਂਬਲੀ ਚੋਣਾਂ ਵਿੱਚ ਐਤਕੀਂ ਸਿਰਫ਼ ਇਕ ਸੀਟ ਨਾਲ ਸਬਰ ਕਰਨਾ ਪਿਆ ਹੈ। ਬਸਪਾ ਮੁਖੀ ਨੇ ਕਿਹਾ ਕਿ ਮੀਡੀਆ ਦੇ ਹਮਲਾਵਰ ਪ੍ਰਾਪੇਗੰਡੇ ਵਿੱਚ ਬਸਪਾ ਨੂੰ ‘ਭਾਜਪਾ ਦੀ ਬੀ ਟੀਮ’ ਵਜੋਂ ਦਿਖਾਇਆ ਗਿਆ, ਜਿਸ ਕਰਕੇ ਮੁਸਲਿਮ ਤੇ ਭਾਜਪਾ ਵਿਰੋਧੀ ਵੋਟਰ ਉਸ ਤੋਂ ਲਾਂਭੇ ਹੋ ਗਏ। ਮਾਇਆਵਤੀ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਨੇ ‘ਹੰਢੀ ਵਰਤੀ’ ਬਸਪਾ ਦੀ ਥਾਂ ‘ਸਪਾ’ ਉੱਤੇ ਯਕੀਨ ਕਰਕੇ ‘ਗ਼ਲਤੀ’ ਕੀਤੀ ਹੈ। ਬਸਪਾ ਨੇ ਸਾਰੀਆਂ 403 ਸੀਟਾਂ ’ਤੇ ਚੋਣ ਲੜੀ ਸੀ, ਪਰ ਪਾਰਟੀ ਸਿਰਫ਼ ਮਹਾਰਾਜਗੰਜ ਵਿੱਚ ਰਾਸਰਾ ਸੀਟ ’ਤੇ ਜਿੱਤ ਦਰਜ ਕਰਨ ਵਿੱਚ ਸਫ਼ਲ ਰਹੀ। ਬਸਪਾ ਮੁਖੀ ਨੇ ਕਿਹਾ, ‘‘ਯੂਪੀ ਵਿੱਚ ਤਿਕੋਣਾ ਮੁਕਾਬਲਾ ਹੁੰਦਾ ਤਾਂ ਸ਼ਾਇਦ ਨਤੀਜੇ ਬਸਪਾ ਦੀ ਆਸ ਮੁਤਾਬਕ ਹੁੰਦੇ। ਭਾਜਪਾ ਨੂੰ ਸੱਤਾ ਵਿੱਚ ਆਉਣ ਤੋਂ ਰੋਕਿਆ ਜਾ ਸਕਦਾ ਸੀ। ਕੁੱਲ ਮਿਲਾ ਕੇ ਮੁਸਲਿਮ ਭਾਈਚਾਰਾ ਬਸਪਾ ਨਾਲ ਸੀ, ਪਰ ਇਨ੍ਹਾਂ ਦੇ ਵੋਟ ਸਪਾ ਨੂੰ ਗਏ।’’ ਮਾਇਆਵਤੀ ਨੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਨਤੀਜਿਆਂ ਤੋਂ ਹੌਸਲਾ ਨਾ ਢਾਹੁਣ, ਬਲਕਿ ਹਾਰ ਤੋਂ ਸਬਕ ਲੈ ਕੇ ਪਾਰਟੀ ਨੂੰ ਅੱਗੇ ਲਿਜਾਣ। -ਪੀਟੀਆਈ