ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਮਾਰਚ
ਰਵਾਇਤੀ ਰਾਜਸੀ ਪਾਰਟੀਆਂ ਨੂੰ ਨਕਾਰਦਿਆਂ ਲੋਕਾਂ ਵੱਲੋਂ ਨਵੀਂ ਬਣੀ ਆਮ ਆਦਮੀ ਪਾਰਟੀ ਦੇ ਹੱਕ ’ਚ ਦਿੱਤੇ ਗਏ ਫਤਵੇ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਸਮੂਹ ਅੱਠ ਹਲਕਿਆਂ ਦੇ ਸਮੂਹ 102 ਵਿੱਚੋਂ 85 ਉਮੀਦਵਾਰਾਂ ਦੀਆਂ ਜਮਾਨਤ ਜ਼ਬਤ ਹੋ ਗਈਆਂ ਹਨ। ਜ਼ਮਾਨਤਾਂ ਜ਼ਬਤ ਕਰਵਾਉਣ ਵਾਲ਼ਿਆਂ ’ਚ ਅਕਾਲੀ ਦਲ ਅਤੇ ਕਾਂਗਰਸ ਦੇ ਕੁਝ ਉਮੀਦਵਾਰ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਨਾਮਜ਼ਦਗੀ ਫਾਰਮ ਭਰਨ ਮੌਕੇ ਹਰੇਕ ਉਮੀਦਵਾਰ ਨੂੰ ਜ਼ਮਾਨਤ ਵਜੋਂ 10 ਹਜ਼ਾਰ ਰੁਪਏ ਦੀ ਨਗਦੀ ਜਮ੍ਹਾਂ ਕਰਵਾਉਣੀ ਪੈਂਦੀ ਹੈ, ਜੋ ਨਤੀਜੇ ਤੋਂ ਬਾਅਦ ਵਾਪਸ ਮਿਲ ਜਾਂਦੀ ਹੈ ਪਰ ਨਿਰਧਾਰਤ ਨਿਯਮਾਂ ਅਨੁਸਾਰ ਕਿਸੇ ਵੀ ਹਲਕੇ ’ਚ ਪੋਲ ਹੋਈਆਂ ਵੋਟਾਂ ਦਾ ਛੇਵਾਂ ਹਿੱਸਾ ਵੋਟਾਂ ਹਾਸਲ ਕਰਨ ਦੀ ਸੂਰਤ ’ਚ ਹੀ ਜ਼ਮਾਨਤ ਵਾਲ਼ੀ ਇਹ ਰਾਸ਼ੀ ਵਾਪਸ ਮਿਲਦੀ ਹੈ ਪਰ ਜੇਕਰ ਕੋਈ ਉਮੀਦਵਾਰ ਪੋਲ ਵੋਟਾਂ ਦਾ ਛੇਵਾਂ ਹਿੱਸਾ ਵੋਟਾਂ ਹਾਸਲ ਕਰਨ ’ਚ ਸਫਲ ਨਹੀਂ ਹੁੰਦਾ, ਤਾਂ ਉਸ ਦੀ ਇਹ ਜ਼ਮਾਨਤੀ ਰਾਸ਼ੀ ਜ਼ਬਤ ਕਰ ਲਈ ਜਾਂਦੀ ਹੈ।
ਅੱਜ ਐਲਾਨੇ ਗਏ ਨਤੀਜਿਆਂ ਦੌਰਾਨ ਉਕਤ ਨਿਯਮਾਂ ਤਹਿਤ ਨਿਰਧਾਰਤ ਵੋਟਾਂ ਨਾ ਹਾਸਲ ਕਰ ਸਕਣ ਕਰਕੇ ਅਨੇਕਾਂ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਇਨ੍ਹਾਂ ਵਿੱਚੋਂ ਕਈ ਕਾਂਗਰਸੀ ਅਤੇ ਅਕਾਲੀ ਉਮੀਦਵਾਰ ਵੀ ਸ਼ਾਮਲ ਹਨ। ਪਟਿਆਲਾ ਜ਼ਿਲ੍ਹੇ ਵਿਚਲੇ ਕੁੱੱਲ 8 ਹਲਕਿਆਂ ਵਿੱਚੋਂ ਕਾਂਗਰਸ ਦੇ ਛੇ ਅਤੇ ਅਕਾਲੀ ਦਲ ਦੇ ਤਿੰਨ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਜ਼ਮਾਨਤਾਂ ਬਚਾਉਣ ਵਾਲ਼ੇ ਕਾਂਗਰਸੀ ਉਮੀਦਵਾਰਾਂ ’ਚ ਰਾਜਪੁਰਾ ਤੋਂ ਹਰਦਿਆਲ ਕੰਬੋਜ ਅਤੇ ਘਨੌਰ ਤੋਂ ਮਦਨ ਲਾਲ ਜਲਾਲਪੁਰ ਹੀ ਸ਼ਾਮਲ ਹਨ, ਜੋ ਰਿਸ਼ਤੇ ’ਚ ਵੀ ਕੁੜਮ ਕੁੜਮ ਹਨ। ਪਿਛਲੀ ਵਾਰ ਲੀਡ ਦੇ ਪੱਖ ਤੋਂ ਜਲਾਲਪੁਰ ਪੰਜਾਬ ਵਿੱਚੋਂ ਤੀਜੇ ਅਤੇ ਕੰਬੋਜ ਪੰਜਵੇਂ ਸਥਾਨ ’ਤੇ ਸਨ ਜਦਕਿ ਕਾਂਗਰਸ ਦੇ ਬਾਕੀ ਸਾਰੇ ਛੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਇਨ੍ਹਾਂ ’ਚ ਸਾਧੂ ਸਿੰਘ ਧਰਮਸੋਤ, ਵਿਸ਼ਨੂੰ ਸ਼ਰਮਾ, ਦਰਬਾਰਾ ਸਿੰਘ, ਹੈਰੀਮਾਨ, ਮੋਹਿਤ ਮਹਿੰਦਰਾ ਅਤੇ ਰਾਜਿੰਦਰ ਸਿੰਘ ਦੇ ਨਾਮ ਸ਼ਾਮਲ ਹਨ। ਉਧਰ ਅਕਾਲੀ ਦਲ ਦੇ ਜ਼ਮਾਨਤਾਂ ਜ਼ਬਤ ਕਰਵਾਉਣ ਵਾਲ਼ੇ ਤਿੰਨ ਉਮੀਦਵਾਰਾਂ ਵਿੱਚ ਰਾਜਪੁਰਾ ਤੋਂ ਅਕਾਲੀ ਉਮੀਦਵਾਰ ਚਰਨਜੀਤ ਸਿੰਘ ਬਰਾੜ, ਪਟਿਆਲਾ ਸ਼ਹਿਰੀ ਹਲਕੇ ਤੋਂ ਹਰਪਾਲ ਜੁਨੇਜਾ ਅਤੇ ਪਟਿਆਲਾ ਦਿਹਾਤੀ ਹਲਕੇ ਤੋਂ ਬਿੱਟੂ ਚੱਠਾ ਦੇ ਨਾਮ ਸ਼ਾਮਲ ਹਨ ਦੂਜੇ ਬੰਨੇ ਭਾਜਪਾ, ਪੀਐੱਲਸੀ ਅਤੇ ਅਕਾਲੀ ਦਲ ਸੰਯੁਕਤ ਦੇ ਗੱਠਜੋੜ ਵਿੱਚੋਂ ਸ਼ਿਰਫ਼ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਅਤੇ ਜਗਦੀਸ਼ ਜੱਗਾ ਰਾਜਪੁਰਾ ਹੀ ਆਪਣੀਆਂ ਜ਼ਮਾਨਤਾਂ ਬਚਾਅ ਸਕੇ ਹਨ ਜਦਕਿ ਇਸ ਗੱਠਜੋੜ ਦੇ ਬਾਕੀ ਸਾਰੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ।