ਪੱਤਰ ਪ੍ਰੇਰਕ
ਕੁਰਾਲੀ,11 ਮਾਰਚ
ਵਿਧਾਨ ਸਭਾ ਚੋਣਾਂ ਦੌਰਾਨ ਜਿੱਥੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹਨੇਰੀ ਝੁੱਲੀ ਹੈ, ਉੱਥੇ ਕੁਰਾਲੀ ਸ਼ਹਿਰ ਵਿੱਚ ‘ਝਾੜੂ’ ਕਾਂਗਰਸ ਅਤੇ ਅਕਾਲੀ ਦਲ ’ਤੇ ਭਾਰੂ ਪਿਆ ਹੈ।
ਹਮੇਸ਼ਾ ਕਾਂਗਰਸ ਦੇ ਹੱਕ ਵਿੱਚ ਭੁਗਤਣ ਵਾਲੇ ਸ਼ਹਿਰ ਕੁਰਾਲੀ ਦੇ ਕੁੱਲ 31 ਬੂਥਾਂ ਵਿੱਚ ਪੋਲ ਹੋਈਆਂ ਵੋਟਾਂ ਵਿੱਚੋਂ ‘ਆਪ’ ਦੀ ਅਨਮੋਲ ਗਗਨ ਮਾਨ 6357 ਵੋਟਾਂ ਲੈ ਕੇ ਮੋਹਰੀ ਰਹੀ। ਅਕਾਲੀ ਦਲ -ਬਸਪਾ ਦੇ ਸਾਂਝੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੂੰ 4267 ਵੋਟਾਂ ਅਤੇ ਕਾਂਗਰਸ ਦੇ ਉਮੀਦਵਾਰ ਵਿਜੈ ਸ਼ਰਮਾ ਟਿੰਕੂ ਨੂੰ 3278 ਵੋਟਾਂ ਹੀ ਪਈਆਂ। ਭਾਜਪਾ ਉਮੀਦਵਾਰ ਕਮਲਦੀਪ ਸਿੰਘ ਸੈਣੀ ਨੂੰ ਸ਼ਹਿਰ ਵਿੱਚੋਂ 2302 ਵੋਟਾਂ ਹਾਸਲ ਹੋਈਆਂ ਜਦਕਿ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਪਰਮਦੀਪ ਸਿੰਘ ਬੈਦਵਾਨ ਨੂੰ 281 ਵੋਟਾਂ ਹੀ ਮਿਲੀਆਂ। ਆਮ ਆਦਮੀ ਪਾਰਟੀ ਦੀ ਚੜ੍ਹਤ ਨੂੰ ਬਿਆਨਦੇ ਇਹ ਅੰਕੜੇ ਸ਼ਹਿਰ ਦੀ ਸਿਆਸਤ ਵਿੱਚ ਵੱਡੀ ਤਬਦੀਲੀ ਦਾ ਸੰਕੇਤ ਹਨ।
ਹਲਕਾ ਖਰੜ ਵਿੱਚ ਪੈਂਦੇ ਸ਼ਹਿਰ ਕੁਰਾਲੀ ਨੂੰ ਕਾਂਗਰਸੀ ਸ਼ਹਿਰ ਵਜੋਂ ਜਾਣਿਆ ਜਾਂਦਾ ਰਿਹਾ ਹੈ। ਪਰ ਪਿਛਲੇ ਪੰਜ ਸਾਲਾਂ ਦੌਰਾਨ ਸ਼ਹਿਰ ਵਿੱਚ ਕਾਂਗਰਸ ਦੀ ਸ਼ਾਖ ਨੂੰ ਕਾਫੀ ਢਾਹ ਲੱਗੀ ਹੈ।
ਲੋਕਾਂ ਦੀਆਂ ਉਮੀਦਾਂ ਉਤੇ ਖਰੀ ਉਤਰੇਗੀ ਅਨਮੋਲ ਗਗਨ: :ਸੰਧੂ
ਖਰੜ (ਪੱਤਰ ਪ੍ਰੇਰਕ): ਮੌਜੂਦਾ ਵਿਧਾਇਕ ਕੰਵਰ ਸੰਧੂ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਨਮੋਲ ਗਗਨ ਮਾਨ ਨੂੰ ਖਰੜ ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਨ ’ਤੇ ਵਧਾਈ ਦਿੱਤੀ ਹੈ। ਆਸ ਪ੍ਰਗਟ ਕੀਤੀ ਹੈ ਕਿ ਉਹ ਹਲਕੇ ਦੀ ਜ਼ਿੰਮੇਵਾਰੀ ਬਹੁਤ ਜ਼ੁੰਮੇਵਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਖਰੜ ਹਲਕੇ ਦੀ ਇਹ ਤਰਾਸਦੀ ਰਹੀ ਹੈ ਕਿ ਜਿਸ ਪਾਰਟੀ ਦਾ ਵਿਧਾਇਕ ਚੁਣਿਆ ਜਾਂਦਾ ਹੈ ਉਸ ਦੀ ਰਾਜ ਵਿਚ ਸਰਕਾਰ ਨਹੀਂ ਬਣਦੀ ਅਤੇ ਸਰਕਾਰ ਵੱਲੋਂ ਸਥਾਨਕ ਵਿਧਾਇਕ ਨੂੰ ਨਜ਼ਰਅੰਦਾਜ਼ ਕਰ ਕੇ ਹਲਕੇ ਦੇ ਵਿਕਾਸ ਲਈ ਹਲਕਾ ਇੰਚਾਰਜ ਲਗਾ ਦਿੱਤਾ ਜਾਂਦਾ ਹੈ। ਇਸੇ ਦੌਰਾਨ ਅਨਮੋਲ ਗਗਨ ਮਾਨ ਨੇ ਕਿਹਾ ਕਿ ਉਹ ਖਰੜ ਦੇ ਲੋਕਾਂ ਦਾ ਅਤਿ ਧੰਨਵਾਦ ਕਰਦੀ ਹੈ, ਪਰ ਇਸ ਦੇ ਨਾਲ ਹੀ ਲੋਕਾਂ ਵੱਲੋਂ ਦਿੱਤੇ ਗਏ ਇਸ ਪਿਆਰ ਸਦਕਾ ਉਸ ਦੀਆਂ ਜ਼ਿੰਮੇਵਾਰੀਆਂ ਵਿੱਚ ਵੀ ਵਾਧਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀਆਂ ਉਮੀਦਾਂ ’ਤੇ ਪੂਰਾ ਉਤਰੇਗੀ।