ਖੇਤਰੀ ਪ੍ਰਤੀਨਿਧ
ਸੰਗਰੂਰ, 11 ਮਾਰਚ
ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਜ਼ਿਲ੍ਹਾ ਸੰਗਰੂਰ ਦੇ ਪੰਜ ਵਿਧਾਨ ਸਭਾ ਹਲਕਿਆਂ ਦੇ ਕੁੱਲ 55 ਉਮੀਦਵਾਰਾਂ ਵਿੱਚੋਂ ਵੱਖ-ਵੱਖ ਪਾਰਟੀਆਂ ਦੇ 46 ਉਮੀਦਵਾਰ ਆਪਣੀ ਜ਼ਮਾਨਤ ਨਹੀਂ ਬਚਾ ਸਕੇ। ਪੰਜ ਹਲਕਿਆਂ ਤੋਂ ਜੇਤੂ 5 ਉਮੀਦਵਾਰਾਂ ਦੇ ਮੁਕਾਬਲੇ ਸਿਰਫ਼ 4 ਉਮੀਦਵਾਰ ਹੀ ਆਪਣੀ ਜ਼ਮਾਨਤ ਬਚਾ ਸਕੇ ਹਨ।
ਸੰਗਰੂਰ ਵਿਧਾਨ ਸਭਾ ਹਲਕੇ ਦੇ ਕੁੱਲ 8 ਉਮੀਦਵਾਰਾਂ ਵਿੱਚੋਂ 6 ਉਮਦੀਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ ਜਿਨ੍ਹਾਂ ’ਚ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਅਤੇ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਸਣੇ ਵੱਖ-ਵੱਖ ਪਾਰਟੀਆਂ ਦੇ ਛੇ ਉਮੀਦਵਾਰ ਸ਼ਾਮਲ ਹਨ। ਹਲਕਾ ਧੂਰੀ ਤੋਂ ਕੁੱਲ 12 ਉਮੀਦਵਾਰਾਂ ਵਿੱਚੋਂ 10 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ ਜਿਨ੍ਹਾਂ ’ਚ ਅਕਾਲੀ-ਬਸਪਾ ਉਮੀਦਵਾਰ ਪ੍ਰਕਾਸ਼ ਚੰਦ ਗਰਗ, ਭਾਜਪਾ ਉਮੀਦਵਾਰ ਰਣਦੀਪ ਸਿੰਘ ਦਿਉਲ ਸਣੇ ਕੁੱਲ ਦਸ ਉਮੀਦਵਾਰ ਸ਼ਾਮਲ ਹਨ। ਇਸੇ ਤਰ੍ਹਾਂ ਰਿਜ਼ਰਵ ਹਲਕਾ ਦਿੜ੍ਹਬਾ ਤੋਂ 13 ਵਿੱਚੋਂ 11 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ ਜਿਨ੍ਹਾਂ ’ਚ ਕਾਂਗਰਸ ਪਾਰਟੀ ਦੇ ਉਮੀਦਵਾਰ ਅਜੈਬ ਸਿੰਘ ਰਟੋਲਾਂ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੋਮਾ ਸਿੰਘ ਘਰਾਚੋਂ ਸਮੇਤ ਕੁੱਲ ਗਿਆਰਾਂ ਉਮੀਦਵਾਰ ਸ਼ਾਮਲ ਹਨ। ਹਲਕਾ ਲਹਿਰਾਗਾਗਾ ਤੋਂ ਕੁੱਲ 10 ਉਮੀਦਵਾਰਾਂ ਵਿੱਚੋਂ 8 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ ਜਿਨ੍ਹਾਂ ’ਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਿੰਦਰ ਕੌਰ ਭੱਠਲ, ਅਕਾਲੀ-ਬਸਪਾ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਣੇ ਕੁੱਲ ਅੱਠ ਉਮੀਦਵਾਰ ਸ਼ਾਮਲ ਹਨ। ਸੁਨਾਮ ਹਲਕੇ ’ਚ ਕੁੱਲ 12 ਉਮੀਦਵਾਰ ਚੋਣ ਮੈਦਾਨ ’ਚ ਸਨ ਅਤੇ ‘ਆਪ’ ਉਮੀਦਵਾਰ ਅਮਨ ਅਰੋੜਾ ਜੇਤੂ ਰਹੇ ਹਨ ਜਦੋਂ ਕਿ ਬਾਕੀ ਸਾਰੇ 11 ਉਮੀਦਵਾਰ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ। ਇਨ੍ਹਾਂ ’ਚ ਕਾਂਗਰਸ ਪਾਰਟੀ ਦੇ ਜਸਵਿੰਦਰ ਸਿੰਘ ਧੀਮਾਨ, ਅਕਾਲੀ-ਬਸਪਾ ਦੇ ਬਲਦੇਵ ਸਿੰਘ ਮਾਨ, ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਨਮੁਖ ਸਿੰਘ ਮੋਖਾ ਸਮੇਤ ਕੁੱਲ ਗਿਆਰਾਂ ਉਮੀਦਵਾਰ ਸ਼ਾਮਲ ਹਨ। ਜ਼ਿਲ੍ਹੇ ਦੇ ਕੁੱਲ ਪੰਜ ਹਲਕਿਆਂ ’ਚੋਂ ਸਿਰਫ਼ ਰਿਜ਼ਰਵ ਹਲਕਾ ਦਿੜ੍ਹਬਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਲਜ਼ਾਰ ਸਿੰਘ ਮੂਨਕ ਨੂੰ ਛੱਡ ਕੇ ਬਾਕੀ 4 ਹਲਕਿਆਂ ’ਚ ਪਾਰਟੀ ਉਮੀਦਵਾਰ ਆਪਣੀ ਜ਼ਮਾਨਤ ਨਹੀਂ ਬਚਾ ਸਕੇ। ਕਾਂਗਰਸ ਪਾਰਟੀ ਦੇ ਸੰਗਰੂਰ ਤੋਂ ਸ੍ਰੀ ਵਿਜੈ ਇੰਦਰ ਸਿੰਗਲਾ ਅਤੇ ਧੂਰੀ ਤੋਂ ਦਲਵੀਰ ਸਿੰਘ ਗੋਲਡੀ ਨੂੰ ਛੱਡ ਕੇ ਬਾਕੀ ਹਲਕਿਆਂ ’ਚ ਕਾਂਗਰਸ ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰਾਂ ਦੀ ਪੰਜ ਹਲਕਿਆਂ ’ਚ ਪਿਛਲੀਆਂ ਚੋਣਾਂ ਦੇ ਮੁਕਾਬਲੇ ਭਾਵੇਂ ਵੋਟ ਵਧੀ ਹੈ ਪਰ ਕੋਈ ਵੀ ਉਮੀਦਵਾਰ ਆਪਣੀ ਜ਼ਮਾਨਤ ਨਹੀਂ ਬਚਾ ਸਕਿਆ।
ਭੱਠਲ ਤੇ ਲੌਂਗੋਵਾਲ ਵੀ ਨਹੀਂ ਬਚਾਅ ਸਕੇ ਜ਼ਮਾਨਤ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਵਿਧਾਨ ਸਭਾ ਹਲਕਾ ਲਹਿਰਾਗਾਗਾ ’ਚ ਕੱਲ੍ਹ ਐਲਾਨੇ ਚੋਣ ਨਤੀਜਿਆਂ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਸਣੇ 8 ਉਮੀਦਵਾਰ ਆਪਣੀ ਜ਼ਮਾਨਤ ਜ਼ਬਤ ਕਰਵਾ ਗਏ ਹਨ। ਐੱਸਡੀਐੱਮ ਤੇ ਰਿਟਰਨਿੰਗ ਅਧਿਕਾਰੀ ਨਵਨੀਤ ਕੌਰ ਸੇਖੋਂ ਦੀ ਰਿਪਰੋਟ ਅਨੁਸਾਰ ਇਸ ਹਲਕੇ ’ਚ ਦਸ ਉਮੀਦਵਾਰਾਂ ਨੇ ਚੋਣ ਲੜੀ ਸੀ ਪਰ ‘ਆਪ’ ਦੀ ਸੁਨਾਮੀ ਕਰਕੇ ਸਿਰਫ ਦੋ ਹੀ ਜ਼ਮਾਨਤ ਬਚਾ ਸਕੇ ਹਨ।