ਪੱਤਰ ਪ੍ਰੇਰਕ
ਅਜਨਾਲਾ, 11 ਮਾਰਚ
ਸੂਬੇ ਵਿਚ ਆਮ ਆਦਮੀ ਪਾਰਟੀ ਨੂੰ ਮਿਲੇ ਬਹੁਮਤ ਨਾਲ ਜਿੱਥੇ ਕਈ ਵੱਡੇ ਸਿਆਸੀ ਪਰਿਵਾਰਾਂ ਨੂੰ ਸੱਤਾ ਤੋਂ ਲਾਂਭੇ ਹੋਣਾ ਪਿਆ, ਉੱਥੇ ਹੀ ਚਾਰ ਦਹਾਕਿਆਂ ਤੋਂ ਹਲਕਾ ਅਜਨਾਲਾ ਦੀ ਸੱਤਾ ’ਤੇ ਵਾਰੋ-ਵਾਰ ਕਾਬਜ਼ ਰਹੇ ਦੋ ਪਰਿਵਾਰਾਂ ਨੂੰ ‘ਆਪ’ ਨੇ ਹਾਰ ਦਾ ਮੂੰਹ ਦਿਖਾ ਦਿੱਤਾ। ਸਾਬਕਾ ਵਿਧਾਇਕ ਤੇ ਮੰਤਰੀ ਡਾ. ਰਤਨ ਸਿੰਘ ਅਜਨਾਲਾ ਦੇ ਪੁੱਤਰ ਬੋਨੀ ਅਮਰਪਾਲ ਸਿੰਘ ਜੋ ਵਿਧਾਇਕ, ਮੁੱਖ ਸੰਸਦੀ ਸਕੱਤਰ ਵੀ ਰਹੇ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਸਨ। ਇਸੇ ਤਰ੍ਹਾਂ ਹਲਕਾ ਅਜਨਾਲਾ ਤੋਂ ਮਰਹੂਮ ਹਰਚਰਨ ਸਿੰਘ ਅਜਨਾਲਾ ਜੋ ਇੱਥੋਂ ਜਿੱਤ ਕੇ ਕੈਬਨਿਟ ਮੰਤਰੀ, ਵਿਧਾਨ ਸਭਾ ਦੇ ਸਪੀਕਰ ਵੀ ਰਹੇ ਉਨ੍ਹਾਂ ਦੇ ਪੁੱਤਰ ਹਰਪ੍ਰਤਾਪ ਸਿੰਘ ਅਜਨਾਲਾ ਦੋ ਵਾਰ ਵਿਧਾਇਕ ਰਹੇ ਤੇ ਹੁਣ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ। ਹੁਣ ਤੱਕ ਜਿੱਤ-ਹਾਰ ਦਾ ਫ਼ੈਸਲਾ ਇਨ੍ਹਾਂ ਦੋਵਾਂ ਪਰਿਵਾਰਾਂ ਵਿਚਕਾਰ ਹੀ ਹੁੰਦਾ ਰਿਹਾ ਪਰ ਇਸ ਵਾਰ ਕੁਲਦੀਪ ਸਿੰਘ ਧਾਲੀਵਾਲ ਜੇਤੂ ਰਹੇ। ਅਜਨਾਲਾ ਵਾਸੀਆਂ ਨੇ ਵੱਡੇ ਸਿਆਸੀ ਪਰਿਵਾਰਾਂ ਨੂੰ ਹਰਾ ਕੇ ਆਮ ਆਦਮੀ ਨੂੰ ਜਿਤਾਇਆ ਹੈ।