ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 6 ਅਕਤੂਬਰ
ਨਵੰਬਰ 1984 ਦਿੱਲੀ ਸਿੱਖ ਕਤਲੇਆਮ ਦਾ ਪੀੜਤ ਪਰਿਵਾਰ ਪਿਛਲੇ ਕਰੀਬ ਚਾਰ ਦਹਾਕੇ ਤੋਂ ਆਪਣੇ ਸਿਰ ’ਤੇ ਪੱਕੀ ਛੱਤ ਉਡੀਕ ਰਿਹਾ ਹੈ, ਲੇਕਿਨ ਪਿਛਲੀ ਅਕਾਲੀ ਅਤੇ ਕਾਂਗਰਸ ਸਰਕਾਰਾਂ ਨੇ ਉਨ੍ਹਾਂ ਦੀ ਫ਼ਰਿਆਦ ਨਹੀਂ ਸੁਣੀ। ਇਸ ਪਰਿਵਾਰ ਨੂੰ ਪੰਜਾਬ ਦੀ ‘ਆਪ’ ਸਰਕਾਰ ਤੋਂ ਇਨਸਾਫ਼ ਮਿਲਣ ਦੀ ਆਸ ਬੱਝੀ ਹੈ। ਇਹ ਪੀੜਤ ਪਰਿਵਾਰ ਪਿੰਡ ਕੁਰੜਾ ਵਿੱਚ ਰਹਿੰਦਾ ਹੈ ਅਤੇ ਮਕਾਨ ਦੀ ਛੱਤ ਕੱਚੀ ਹੋਣ ਕਾਰਨ ਹਰ ਸਮੇਂ ਕੋਈ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਦੰਗਾ ਪੀੜਤ ਆਤਮਾ ਸਿੰਘ ਨੇ ‘ਆਪ’ ਦੇ ਸੀਨੀਅਰ ਯੂਥ ਆਗੂ ਤੇ ਵਿਧਾਇਕ ਕੁਲਵੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਸਮਾਣਾ ਨੂੰ ਦੱਸਿਆ ਕਿ ਉਹ ਦਿੱਲੀ ਸਿੱਖ ਕਤਲੇਆਮ ਤੋਂ ਬਾਅਦ ਉੱਜੜ ਕੇ ਮੁਹਾਲੀ ਆਏ ਸਨ। ਹਾਲਾਂਕਿ 1995 ਵਿੱਚ ਉਸ ਦਾ ਲਾਲ ਕਾਰਡ ਵੀ ਬਣਿਆ ਹੋਇਆ ਹੈ ਪ੍ਰੰਤੂ ਹੁਣ ਤੱਕ ਕਿਸੇ ਵੀ ਸਰਕਾਰ ਨੇ ਉਸ ਨੂੰ ਮਕਾਨ ਨਹੀਂ ਦਿੱਤਾ ਜਦੋਂ ਕਿ ਬਾਹਰਲੇ ਰਾਜਾਂ ਤੋਂ ਉੱਜੜ ਕੇ ਆਏ ਕਾਫ਼ੀ ਲੋਕਾਂ ਨੇ ਮੁਹਾਲੀ ਵਿੱਚ ਵੱਖ-ਵੱਖ ਥਾਵਾਂ ’ਤੇ ਪਹਿਲਾਂ ਧੱਕੇ ਨਾਲ ਸਰਕਾਰੀ ਮਕਾਨਾਂ ’ਤੇ ਕਬਜ਼ੇ ਕਰ ਲਏ। ਬਾਅਦ ਵਿੱਚ ਉਨ੍ਹਾਂ ਨੂੰ ਉਹ ਮਕਾਨ ਅਲਾਟ ਕਰ ਦਿੱਤੇ ਗਏ ਪ੍ਰੰਤੂ ਉਸ ਦੇ ਪਰਿਵਾਰ ਨੇ ਨਿਯਮਾਂ ਖ਼ਿਲਾਫ਼ ਕੋਈ ਮਕਾਨ ਨਹੀਂ ਦੱਬਿਆ ਅਤੇ ਨਾ ਹੀ ਸਰਕਾਰਾਂ ਨੇ ਉਸ ਨੂੰ ਕੋਈ ਮਕਾਨ ਅਲਾਟ ਕੀਤਾ। ਪਿੰਡ ਦੇ ਨੌਜਵਾਨ ਗੁਰਪ੍ਰੀਤ ਸਿੰਘ ਨੇ ‘ਆਪ’ ਵਿਧਾਇਕ ਦੇ ਪੁੱਤਰ ਸਰਬਜੀਤ ਸਿੰਘ ਨੂੰ ਸੱਦ ਕੇ ਦੰਗਾ ਪੀੜਤ ਦੀ ਹਾਲਤ ਬਾਰੇ ਦੱਸਿਆ। ਇਸ ਦੌਰਾਨ ਸਰਬਜੀਤ ਨੇ ਭਰੋਸਾ ਦਿੱਤਾ ਕਿ ਉਹ ਵਿਧਾਇਕ ਕੁਲਵੰਤ ਸਿੰਘ ਰਾਹੀਂ ਉਸ ਦਾ ਮਾਮਲਾ ਮੁੱਖ ਮੰਤਰੀ, ਪੰਚਾਇਤ ਮੰਤਰੀ ਤੇ ਪੁੱਡਾ ਮੰਤਰੀ ਦੇ ਧਿਆਨ ਵਿੱਚ ਲਿਆਉਣਗੇ ਅਤੇ ਦੰਗਾ ਪੀੜਤ ਦੀ ਮਦਦ ਲਈ ਸਪੈਸ਼ਲ ਕੇਸ ਤਿਆਰ ਕਰਕੇ ਸਰਕਾਰ ਨੂੰ ਭੇਜਿਆ ਜਾਵੇਗਾ। ਇਸ ਮੌਕੇ ਬਲਾਕ ਸਮਿਤੀ ਮੈਂਬਰ ਅਵਤਾਰ ਸਿੰਘ ਮੌਲੀ ਬੈਦਵਾਨ, ਸਮਾਜ ਸੇਵੀ ਹਰਮੇਸ਼ ਸਿੰਘ ਕੁੰਭੜਾ ਅਤੇ ਗੁਰਪ੍ਰੀਤ ਸਿੰਘ ਕੁਰੜਾ ਅਤੇ ਹੋਰ ਪਤਵੰਤੇ ਮੌਜੂਦ ਸਨ।