ਨਿੱਜੀ ਪੱਤਰ ਪ੍ਰੇਰਕ
ਜਲੰਧਰ, 11 ਮਾਰਚ
ਪੰਜਾਬ ਵਿੱਚ ਚੱਲੀ ‘ਆਪ’ ਦੀ ਸੁਨਾਮੀ ਨੇ ਜਿੱਥੇ ਸੂਬੇ ਦੇ ਵੱਡੇ-ਵੱਡੇ ‘ਸਿਆਸੀ ਬੋਹੜਾਂ’ ਨੂੰ ਜੜ੍ਹਾਂ ਤੋਂ ਪੁੱਟ ਸੁਟਿਆ ਹੈ, ਉਥੇ ‘ਆਪ’ ਉਮੀਦਵਾਰ ਦੀ ਭੁੱਲਥ ਹਲਕੇ ਵਿੱਚ ਜ਼ਮਾਨਤ ਤੱਕ ਜ਼ਬਤ ਹੋ ਗਈ ਹੈ। ਉਂਜ ਦੋਆਬਾ ਪੰਜਾਬ ਦਾ ਇੱਕੋ-ਇੱਕ ਅਜਿਹਾ ਖਿੱਤਾ ਵੀ ਬਣ ਗਿਆ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਜਿੱਤ ਵੀ ਹਾਸਲ ਹੋਈ ਹੈ ਤੇ ਉਨ੍ਹਾਂ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋਈਆਂ ਹਨ। ਭਾਜਪਾ ਦੀਆਂ ਜਿੱਤੀਆਂ ਦੋ ਸੀਟਾਂ ’ਚ ਇੱਕ ਦੋਆਬੇ ਵਿਚਲੀ ਮੁਕੇਰੀਆ ਹੈ ਜਿੱਥੋਂ ਜੰਗੀ ਲਾਲ ਮਹਾਜਨ ਜਿੱਤੇ ਹਨ। ਬਸਪਾ ਦਾ ਇਕਲੌਤਾ ਉਮੀਦਵਾਰ ਡਾ. ਨੱਛਤਰਪਾਲ ਸਿੰਘ ਨਵਾਂ ਸ਼ਹਿਰ ਤੋਂ ਜਿੱਤਿਆ ਹੈ। ਸ਼੍ਰੋਮਣੀ ਅਕਾਲੀ ਦਲ ਦਾ ਦੋਆਬੇ ਵਿੱਚੋਂ ਇੱਕੋ ਹੀ ਉਮੀਦਵਾਰ ਬੰਗਾ ਤੋਂ ਡਾ. ਸੁਖਵਿੰਦਰ ਸਿੰਘ ਸੁਖੀ ਜਿੱਤਿਆ ਹੈ। ਦੋਆਬਾ ਖਿੱਤੇ ਨੇ ਕਿਸੇ ਵੀ ਪਾਰਟੀ ਨੂੰ ਨਿਰਾਸ਼ ਨਹੀਂ ਕੀਤਾ। ‘ਆਪ’ ਨੂੰ ਜਿੱਥੇ 10 ਸੀਟਾਂ ਮਿਲਿਆਂ ਹਨ, ਉਥੇ ਕਾਂਗਰਸ ਨੂੰ 9 ਸੀਟਾਂ ਮਿਲੀਆਂ ਹਨ। ਪੰਜਾਬ ਦਾ ਜਿਹੜਾ ਇੱਕੋ-ਇੱਕ ਆਜ਼ਾਦ ਉਮੀਦਵਾਰ ਜਿੱਤਿਆ ਹੈ, ਉਹ ਵੀ ਸੁਲਤਾਨਪੁਰ ਲੋਧੀ ਤੋਂ ਰਾਣਾ ਇੰਦਰਪ੍ਰਤਾਪ ਸਿੰਘ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਦੋਆਬੇ ਨੇ ਇਸ ਵਾਰ ਬਹੁਤ ਹੀ ਸੰਤੁਲਿਤ ਫਤਵਾ ਦਿੱਤਾ ਹੈ।
ਇਸ ਖਿਤੇ ਦੇ ਲੋਕਾਂ ਨੇ ਸਾਰੀਆਂ ਪਾਰਟੀਆਂ ਦੀ ਝੋਲੀ ਵਿੱਚ ਜਿੱਤ ਵੀ ਪਾਈ ਹੈ, ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਕਰਵਾ ਦਿੱਤੀਆਂ ਹਨ। ਭੁਲੱਥ ਹਲਕੇ ਤੋਂ ‘ਆਪ’ ਉਮੀਦਵਾਰ ਰਣਜੀਤ ਸਿੰਘ ਰਾਣਾ ਨੂੰ 13,528 ਵੋਟਾਂ ਨਾਲ ਹੀ ਸਬਰ ਕਰਨ ਪਿਆ, ਉਹ ਆਪਣੀ ਜ਼ਮਾਨਤ ਤੱਕ ਨਹੀਂ ਬਚਾ ਸਕਿਆ।
ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਉਮੀਦਵਾਰ ਨਵਤੇਜ ਸਿੰਘ ਚੀਮਾ ਤੇ ਇਸੇ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਦੀਆਂ ਜ਼ਮਨਾਤਾਂ ਜ਼ਬਤ ਹੋ ਗਈਆਂ ਹਨ। ਸੁਲਤਾਨਪੁਰ ਲੋਧੀ ਵਿੱਚ ਕਾਂਗਰਸ ਦੇ ਉਮੀਦਵਾਰ ਨਵਤੇਜ਼ ਸਿੰਘ ਚੀਮਾ ਨੂੰ 13,393 ਵੋਟਾਂ ਹੀ ਮਿਲ਼ੀਆਂ ਸਨ ਜਦੋਂਕਿ ਅਕਾਲੀ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਨੂੰ 17374 ਵੋਟਾਂ ਨਾਲ ਸਬਰ ਕਰਨਾ ਪਿਆ ਤੇ ਉਹ ਵੀ ਆਪਣੀ ਜ਼ਮਾਨਤ ਨਹੀਂ ਬਚਾਅ ਸਕੇ। ਕੈਪਟਨ ਨੂੰ 16.66 ਫੀਸਦੀ ਵੋਟਾਂ ਦੀ ਲੋੜ ਸੀ ਜਦੋਂਕਿ ਉਹ 16.28 ਫੀਸਦੀ ਹੀ ਵੋਟਾਂ ਹਾਸਲ ਕਰ ਸਕੇ।
ਇਸੇ ਤਰ੍ਹਾਂ ਨਵਾਂ ਸ਼ਹਿਰ ਤੋਂ ਸਤਬੀਰ ਸਿੰਘ ਪੱਲੀਝਿੱਕੀ 6376 ਵੋਟਾਂ ਹੀ ਮਿਲੀਆਂ ਜਿਹੜੀਆਂ ਕਿ ਸਾਰੇ ਪੰਜਾਬ ਵਿੱਚ ਕਾਂਗਰਸ ਨੂੰ ਸਭ ਤੋਂ ਘੱਟ ਵੋਟਾਂ ਮਿਲੀਆਂ ਹਨ। ਭਾਜਪਾ ਦੇ ਸਾਬਕਾ ਸੂਬਾਈ ਪ੍ਰਧਾਨ ਵਿਜੈ ਸਪਾਂਲਾ ਫਗਵਾੜਾ ਤੋਂ ਚੋਣ ਲੜੇ ਸਨ, ਉਹ ਵੀ ਆਪਣੀ ਜ਼ਮਾਨਤ ਨਹੀਂ ਬਚਾਅ ਸਕੇ। ਭਾਜਪਾ ਦੇ ਬਹੁਤੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹਨ। ਇਨ੍ਹਾਂ ਵਿੱਚ ਸਾਬਕਾ ਮੇਅਰ ਸੁਰਿੰਦਰ ਮਹੇ ਵੀ ਸ਼ਾਮਿਲ ਹਨ ਜਿਨ੍ਹਾਂ ਨੇ ਕਰਤਾਰਪੁਰ ਤੋਂ ਚੋਣ ਲੜੀ ਸੀ।