ਮੁੰਬਈ, 12 ਮਾਰਚ
ਮੁੰਬਈ ਸਾਈਬਰ ਪੁਲੀਸ ਨੇ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਨੋਟਿਸ ਜਾਰੀ ਕਰਕੇ ਕਥਿਤ ਗੈਰਕਾਨੂੰਨੀ ਫੋਨ ਟੈਪਿੰਗ ਮਾਮਲੇ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਉਧਰ ਫੜਨਵੀਸ ਨੇ ਦਾਅਵਾ ਕੀਤਾ ਕਿ ਸੀਨੀਅਰ ਪੁਲੀਸ ਅਧਿਕਾਰੀ ਨੇ ਉਸ ਨੂੰ ਕਿਹਾ ਹੈ ਕਿ ਪੁਲੀਸ ਲੋੜੀਂਦੀ ਜਾਣਕਾਰੀ ਇਕੱਤਰ ਕਰਨ ਲਈ ਉਨ੍ਹਾਂ ਦੀ ਰਿਹਾਇਸ਼ ’ਤੇ ਆਏਗੀ ਤੇ ਉਨ੍ਹਾਂ (ਫੜਨਵੀਸ) ਨੂੰ ਬੀਕੇਸੀ ਸਾਈਬਰ ਪੁਲੀਸ ਸਟੇਸ਼ਨ ਆਉਣ ਦੀ ਕੋਈ ਲੋੜ ਨਹੀਂ ਹੈ। ਮਹਾਰਾਸ਼ਟਰ ਦੇ ਗ੍ਰਹਿ ਮਤਰੀ ਦਿਲੀਪ ਵਾਲਸੇ ਪਾਟਿਲ ਨੇ ਪਿਛਲੇ ਮਹੀਨੇ ਦਾਅਵਾ ਕੀਤਾ ਸੀ ਕਿ ਆਈਪੀਐੱਸੀ ਅਧਿਕਾਰੀ ਰਸ਼ਮੀ ਸ਼ੁਕਲਾ ਦੇ ਸੂਬੇ ਦੀ ਇੰਟੈਲੀਜੈਂਸ ਮੁਖੀ ਰਹਿਣ ਮੌਕੇ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਸਮੇਤ ਹੋਰ ਕਈ ਮੌਜੂਦਾ ਤੇ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੇ ਫੋਨ ਟੈੈਪ ਕੀਤੇ ਗਏ ਸਨ। -ਪੀਟੀਆਈ