ਮਨੋਜ ਸ਼ਰਮਾ
ਬਠਿੰਡਾ, 12 ਮਾਰਚ
ਹਲਕਾ ਭੁੱਚੋ ਅਧੀਨ ਪੈਂਦੀ ਗੋਨਿਆਣਾ ਮੰਡੀ ਨਗਰ ਕੌਂਸਲ ਦੇ ਪ੍ਰਧਾਨ ਮਨਮੋਹਨ ਸਿੰਘ ਸਿੰਗੜਾ ਨੇ ਬਠਿੰਡਾ ਪ੍ਰੈੱਸ ਕਲੱਬ ਵਿੱਚ ਪ੍ਰੈੱਸ ਕਾਨਫਰੰਸ ਕਰ ਕੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਬੀਤੀ ਕੱਲ੍ਹ ਕੌਂਸਲਰ ਕਸ਼ਮੀਰੀ ਲਾਲ ਵੱਲੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਅਗਵਾਈ ਹੇਠ ਨਗਰ ਕੌਂਸਲ ’ਤੇ ਕਬਜ਼ਾ ਜਮਾਉਂਦਿਆਂ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਤੇ ਪ੍ਰਧਾਨ ਧਿੰਗੜਾ ਦਾ ਬੋਰਡ ਹਟਾ ਦਿੱਤਾ ਅਤੇ ਉਨ੍ਹਾਂ ਦੀ ਕੁਰਸੀ ’ਤੇ ਬਿਰਾਜਮਾਨ ਹੋ ਗਏ। ਕਸ਼ਮੀਰੀ ਲਾਲ ਸਮੇਤ ਕੁਝ ਕੌਂਸਲਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਅੱਜ ਪ੍ਰੈੱਸ ਕਲੱਬ ਬਠਿੰਡਾ ਵਿੱਚ ਪੁੱਜੇ ਪ੍ਰਧਾਨ ਮਨਮੋਹਨ ਧੀਂਗੜਾ ਨੇ ਦਾਅਵਾ ਕੀਤਾ ਪੂਰਨ ਬਹੁਮਤ ਉਨ੍ਹਾਂ ਨਾਲ ਹੈ। ਉਨ੍ਹਾਂ ਸੰਭਾਵੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਕਿ ਗੋਨਿਆਣਾ ਵਿੱਚ ਲੋਕਤੰਤਰ ਦਾ ਹੁੰਦਾ ਘਾਣ ਰੋਕਿਆ ਜਾਵੇ। ਉਨ੍ਹਾਂ ਡੀਸੀ ਅਤੇ ਐੱਸਐੱਸਪੀ ਨੂੰ ਵੀ ਅਪੀਲ ਕੀਤੀ ਕਿ ਦਫ਼ਤਰ ਵਿੱਚ ਹੁੜਦੰਗ ਮਚਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਇਨਸਾਫ਼ ਦਿਵਾਇਆ ਜਾਵੇ।