ਜੋਗਿੰਦਰ ਸਿੰਘ ਮਾਨ
ਮਾਨਸਾ, 13 ਮਾਰਚ
ਸ਼੍ਰੋਮਣੀ ਅਕਾਲੀ ਦਲ ਨੂੰ ਵਿਧਾਨ ਸਭਾ ਚੋਣਾਂ ’ਚ ਮਿਲੀ ਕਰਾਰੀ ਹਾਰ ਦੇ ਨਾਲ ਨਾਲ ਹੁਣ ਰਾਜ ਸਭਾ ਵਿੱਚੋਂ ਵੀ ਪਾਰਟੀ ਦੇ ਤਿੰਨ ਮੈਂਬਰਾਂ ਦੀ ਮਿਆਦ ਅਪਰੈਲ ਤੇ ਜੁਲਾਈ ਵਿੱਚ ਖਤਮ ਹੋਣ ਜਾ ਰਹੀ ਹੈ। ਇਨ੍ਹਾਂ ਦੇ ਮੁੜ ਚੁਣੇ ਜਾਣ ਦੀ ਵੀ ਕੋਈ ਆਸ ਨਹੀਂ। ਇਹੀ ਹਾਲ ਕਾਂਗਰਸ ਪਾਰਟੀ ਦਾ ਹੈ, ਕਾਂਗਰਸ ਦੇ ਤਿੰਨ ਮੈਂਬਰਾਂ ਤੇ ਭਾਜਪਾ ਦੇ ਇੱਕ ਮੈਂਬਰ ਦੀ ਮਿਆਦ ਵੀ ਪੁੱਗਣ ਵਾਲੀ ਹੈ। ਸੂਬੇ ਵਿੱਚ ਅੱਜ ਤੱਕ ਸਭ ਤੋਂ ਵੱਧ ਸੀਟਾਂ ਜਿੱਤਣ ਵਾਲੀ ‘ਆਪ’ ਨੂੰ ਹੁਣ ਰਾਜ ਸਭਾ ਵਿੱਚ ਵੀ ਵੱਡੀ ਤਾਕਤ ਮਿਲਣ ਦੀ ਆਸ ਬੱਝੀ ਹੈ। ਬਹੁਮਤ ਮੁਤਾਬਕ ਇਸ ਵੇਲੇ ‘ਆਪ’ ਇਨ੍ਹਾਂ ਸਾਰੀਆਂ ਸੀਟਾਂ ’ਤੇ ਚੋਣ ਜਿੱਤਣ ਦੀ ਗੁੰਜਾਇਸ਼ ਰੱਖਦੀ ਹੈ, ਜਦਕਿ ਇਸ ਵੇਲੇ ਵਿਧਾਨ ਸਭਾ ਵਿੱਚ ਕਾਂਗਰਸ ਕੋਲ 18, ਸ਼੍ਰੋਮਣੀ ਅਕਾਲੀ ਦਲ ਕੋਲ ਤਿੰਨ, ਭਾਜਪਾ ਕੋਲ ਦੋ ਤੇ ਬਸਪਾ ਕੋਲ ਸਿਰਫ਼ ਇੱਕ ਮੈਂਬਰ ਹੈ।
ਸੋਸ਼ਲਿਸਟ ਪਾਰਟੀ ਦੇ ਕੌਮੀ ਜਨਰਲ ਸਕੱਤਰ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਸੁਖਦੇਵ ਸਿੰਘ ਢੀਂਡਸਾ, ਪ੍ਰਤਾਪ ਸਿੰਘ ਬਾਜਵਾ, ਸ਼ਵੇਤ ਮਲਿਕ, ਨਰੇਸ਼ ਗੁਜਰਾਲ ਅਤੇ ਸਮਸ਼ੇਰ ਸਿੰਘ ਦੂਲੋ ਦੀ ਮਿਆਦ 9 ਅਪਰੈਲ ਨੂੰ ਖਤਮ ਹੋ ਰਹੀ ਹੈ। ਦਿਲਚਸਪ ਗੱਲ ਹੈ ਕਿ ਰਾਜ ਸਭਾ ਦੇ ਮੈਂਬਰ ਦੀ ਮਿਆਦ ਛੇ ਸਾਲਾਂ ਦੀ ਹੋਣ ਕਾਰਨ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਵੇਲੇ ਪਿਛਲੇ ਪੰਜ ਸਾਲਾਂ ਦੌਰਾਨ ਰਾਜ ਸਭਾ ਦੀ ਕਿਸੇ ਵੀ ਸੀਟ ਲਈ ਚੋਣ ਨਹੀਂ ਹੋ ਸਕੀ। ਇਸੇ ਦੌਰਾਨ ‘ਆਪ’ ਦੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਹੁਣ ਪਾਰਟੀ ਦੇ 7 ਮੈਂਬਰ ਰਾਜ ਸਭਾ ਵਿੱਚ ਜਾਣ ਅਤੇ ਪਹਿਲਾਂ ਤੋਂ ਤਿੰਨ ਮੈਂਬਰ ਹਾਜ਼ਰ ਹੋਣ ਨਾਲ ‘ਆਪ’ ਇਕ ਵੱਡੀ ਧਿਰ ਬਣ ਕੇ ਰਾਜ ਸਭਾ ਵਿੱਚ ਗੂੰਜੇਗੀ।