ਅਰਪਣਾ ਬੈਨਰਜੀ
ਜਲੰਧਰ, 13 ਮਾਰਚ
ਖਟਕੜ ਕਲਾਂ ਵਿੱਚ ਹੋਣ ਵਾਲੇ ਮਨੋਨੀਤ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ’ਤੇ ਕਰੀਬ 2 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਪਿੰਡ ਵਾਸੀਆਂ ਨੂੰ ਨਵੀਂ ਸਰਕਾਰ ਤੋਂ ਆਸ ਬੱਝੀ ਹੈ ਕਿ ਆਖ਼ਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਘਰ ਨੇੜਲੀ ਯਾਦਗਾਰੀ ਪਾਰਕ ਦੇ ਬਕਾਇਆ ਬਿਜਲੀ ਬਿੱਲ ਦਾ ਭੁਗਤਾਨ ਹੋਵੇਗਾ। ਜਾਣਕਾਰੀ ਅਨੁਸਾਰ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਨੇੜੇ ਸਥਿਤ ਪਾਰਕ ਦਾ ਕਰੀਬ 1.70 ਲੱਖ ਰੁਪਏ ਬਿੱਲ ਪਿਛਲੇ ਦੋ ਸਾਲ ਤੋਂ ਨਹੀਂ ਭਰਿਆ ਗਿਆ। ਇਹ ਬਿੱਲ ਨਵੰਬਰ 2019 ਤੋਂ ਖੜ੍ਹਾ ਹੈ। ਹਾਲਾਂਕਿ ਸ਼ਹੀਦ ਭਗਤ ਯਾਦਗਾਰੀ ਮਿਊਜ਼ੀਅਮ ਤੇ ਸ਼ਹੀਦ ਦੇ ਜੱਦੀ ਘਰ ਦੇ ਬਿਜਲੀ ਬਿੱਲ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ ਪਰ ਇਥੇ 16 ਮਾਰਚ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ ਦੇ ਬਾਵਜੂਦ ਪਾਰਕ ਦਾ ਬਿਜਲੀ ਬਿੱਲ ਨਹੀਂ ਭਰਿਆ ਗਿਆ।
ਸੂਤਰ ਦੱਸਦੇ ਹਨ ਕਿ ਪਾਰਕ ਦੀ ਸਾਂਭ ਸੰਭਾਲ ਲਈ ਲੋੜੀਂਦਾ ਸਟਾਫ ਵੀ ਨਹੀਂ ਹੈ ਤੇ ਕਈਆਂ ਦੀ ਛਾਂਟੀ ਕਰ ਦਿੱਤੀ ਗਈ ਹੈ ਅਤੇ ਸਟਾਫ ਨੂੰ ਸਮੇਂ ਸਿਰ ਤਨਖਾਹ ਵੀ ਨਹੀਂ ਮਿਲਦੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਅਕਸਰ ਸ਼ਹੀਦ ਦੀ ਯਾਦਗਾਰ ਤੇ ਜੱਦੀ ਘਰ ਦੀ ਸੰਭਾਲ ਲਈ ਤਾਇਨਾਤ ਅਮਲੇ ਦੀ ਫੰਡਾਂ ਰਾਹੀਂ ਮਦਦ ਕਰਦੇ ਹਨ।
ਖਟਕੜ ਕਲਾਂ ਦੀ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਜੀਤ ਸਿੰਘ ਨੇ ਆਖਿਆ ਕਿ ਉਹ ਇਥੇ ਹੋਣ ਵਾਲੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਤੋਂ ਬਹੁਤ ਖੁਸ਼ ਹਨ ਅਤੇ ਉਹ ਆਸਵੰਦ ਹਨ ਕਿ ਸਰਕਾਰ ਸ਼ਹੀਦ ਦੀ ਯਾਦਗਾਰ ਵੱਲ ਧਿਆਨ ਦੇਵੇਗੀ। ਉਨ੍ਹਾਂ ਆਖਿਆ ਕਿ ਜੇਕਰ ਦੋ ਕਰੋੜ ਰੁਪਏ ਸਹੁੰ ਚੁੱਕ ਸਮਾਗਮ ’ਤੇ ਖਰਚੇ ਜਾ ਰਹੇ ਹਨ ਤਾਂ ਥੋੜ੍ਹੀ ਬਹੁਤੀ ਰਕਮ ਯਾਦਗਾਰ ਨੂੰ ਸਮਰਪਿਤ ਕੀਤੀ ਜਾ ਸਕਦੀ ਹੈ। ਉਨ੍ਹਾਂ ਆਖਿਆ ਕਿ ਘਾਹ ਕੱਟਣ ਵਾਲੀ ਮਸ਼ੀਨ ਵੀ ਪਿੰਡ ਵਾਸੀਆਂ ਵੱਲੋਂ ਦਿੱਤੀ ਗਈ ਹੈ। ਇਥੋਂ ਤੱਕ ਕਿ ਝਾੜੂ ਵੀ ਉਨ੍ਹਾਂ ਮੁਹੱਈਆ ਕਰਵਾਏ ਹਨ। ਉਨ੍ਹਾਂ ਆਖਿਆ ਕਿ ਹਾਲ ਹੀ ਵਿੱਚ ਪਿੰਡ ਵਾਸੀਆਂ ਨੇ ਫੁਹਾਰੇ ਦੇ ਵਾਧੂ ਪਾਣੀ ਨੂੰ ਬਾਹਰ ਕੱਢਣ ਲਈ ਪੰਪ ਦੇਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਆਖਿਆ ਕਿ ਇਹ ਅਜਿਹੀਆਂ ਚੀਜ਼ਾਂ ਹਨ ਜਿਹੜੀਆਂ ਸਰਕਾਰ ਨੂੰ ਤੁਰੰਤ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਆਖਿਆ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਲਾਇਬ੍ਰੇਰੀ ਵੀ ਬੰਦ ਪਈ ਹੈ। ਪਾਵਰਕੌਮ ਦੇ ਐੱਸਡੀਓ ਆਤਮਾ ਰਾਮ ਨੇ ਆਖਿਆ ਕਿ ਯਾਦਗਾਰੀ ਪਾਰਕ ਦਾ 1 ਲੱਖ 70 ਹਜ਼ਾਰ ਰੁਪਏ ਬਿੱਲ ਨਵੰਬਰ 2019 ਤੋਂ ਬਕਾਇਆ ਹੈ। ਉਨ੍ਹਾਂ ਆਖਿਆ ਕਿ ਉਹ ਹਰ ਮਹੀਨੇ ਸਰਕਾਰ ਦੇ ਧਿਆਨ ਵਿਚ ਲਿਆਉਂਦੇ ਹਨ ਪਰ ਹਾਲੇ ਤੱਕ ਬਿੱਲ ਦਾ ਭੁਗਤਾਨ ਨਹੀਂ ਕੀਤਾ ਗਿਆ।
ਕਪੂਰਥਲਾ ਦੇ ਐੱਡੀਐੱਮ ਨਵਨੀਤ ਬੱਲ ਨੇ ਆਖਿਆ ਕਿ ਕਰੀਬ ਡੇਢ ਲੱਖ ਰੁਪਏ ਬਿੱਲ ਬਕਾਇਆ ਹੈ। ਉਨ੍ਹਾਂ ਆਖਿਆ ਕਿ ਇਹ ਮਾਮਲਾ ਸੈਰ ਸਪਾਟਾ ਵਿਭਾਗ ਦੇ ਧਿਆਨ ਵਿਚ ਲਿਆ ਛੇਤੀ ਹੀ ਬਿੱਲ ਭਰ ਦਿੱਤਾ ਜਾਵੇਗਾ।
ਵਧੀਕ ਮੁੱਖ ਸਕੱਤਰ ਵੱਲੋਂ ਸਹੁੰ ਚੁੱਕ ਸਮਾਗਮ ਦੇ ਪ੍ਰਬੰਧਾਂ ਦੀ ਸਮੀਖਿਆ
ਬੰਗਾ (ਸੁਰਜੀਤ ਮਜਾਰੀ): ਮੁੱਖ ਮੰਤਰੀ ਪੰਜਾਬ ਦੇ ਵਧੀਕ ਮੁੱਖ ਸਕੱਤਰ ਏ.ਵੇਣੂ ਪ੍ਰਸਾਦ ਨੇ ਅੱਜ ਇੱਥੇ ਸ਼ਹੀਦ ਭਗਤ ਸਿੰਘ ਅਜਾਇਬ ਘਰ ਅਤੇ ਸਮਾਰਕ ਵਿਖੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਦੇ 16 ਮਾਰਚ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਕਾਨਫਰੰਸ ਹਾਲ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਮੁੱਖ ਸਕੱਤਰ ਨੇ ਇਸ ਸਮਾਰੋਹ ਨੂੰ ਵੱਡੇ ਪੱਧਰ ’ਤੇ ਸਫ਼ਲ ਬਣਾਉਣ ਲਈ ਮੁਕੰਮਲ ਪ੍ਰਬੰਧ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਮਾਗਮ ਵਿੱਚ ਹੋਰਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਸਮੇਤ ਕਈ ਪਤਵੰਤਿਆਂ ਦੇ ਪਹੁੰਚਣ ਦੀ ਸੰਭਾਵਨਾ ਹੈ, ਇਸ ਲਈ ਹਰੇਕ ਅਧਿਕਾਰੀ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਵਾਹਨਾਂ ਦੀ ਪਾਰਕਿੰਗ, ਲੋਕਾਂ ਲਈ ਖਾਣੇ ਅਤੇ ਪਾਣੀ, ਸਟੇਜ, ਬਿਜਲੀ ਸਪਲਾਈ, ਪਾਣੀ ਦੀ ਸਪਲਾਈ, ਸਾਫ਼-ਸਫ਼ਾਈ, ਸਿਹਤ, ਕਾਨੂੰਨ ਵਿਵਸਥਾ, ਸੁਰੱਖਿਆ ਅਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਤੋਂ ਪਹਿਲਾਂ ਏ ਵੇਣੂ ਪ੍ਰਸਾਦ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਪਿਤਾ ਮਰਹੂਮ ਕਿਸ਼ਨ ਸਿੰਘ ਦੀ ਸਮਾਧ ’ਤੇ ਜਾ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ, ਪ੍ਰਮੁੱਖ ਸਕੱਤਰ ਟਰਾਂਸਪੋਰਟ ਕੇ ਸ਼ਿਵਾ ਪ੍ਰਸਾਦ, ਪ੍ਰਮੁੱਖ ਸਕੱਤਰ ਸਿਹਤ ਰਾਜ ਕਮਲ ਚੌਧਰੀ, ਸਕੱਤਰ ਸੂਚਨਾ ਤੇ ਲੋਕ ਸੰਪਰਕ ਕੇ.ਕੇ. ਯਾਦਵ, ਸਕੱਤਰ ਮੰਡੀ ਬੋਰਡ ਰਵੀ ਭਗਤ, ਏਡੀਜੀਪੀ ਐੱਮਐੱਫ ਫਾਰੂਕੀ, ਡਾਇਰੈਕਟਰ ਸੂਚਨਾ ਅਤੇ ਲੋਕ ਸੰਪਰਕ ਸੁਮਿਤ ਜਾਰੰਗਲ, ਡਾਇਰੈਕਟਰ ਪ੍ਰਾਹੁਣਚਾਰੀ ਮੁਨੀਸ਼ ਕੁਮਾਰ ਅਤੇ ਹੋਰ ਵੀ ਹਾਜ਼ਰ ਸਨ।