ਵਾਸ਼ਿੰਗਟਨ, 3 ਫਰਵਰੀ
ਪੈਂਟਾਗਨ ਨੇ ਅਮਰੀਕਾ ਦੇ ਹਵਾਈ ਖੇਤਰ ‘ਤੇ ‘ਤਿੰਨ ਬੱਸਾਂ’ ਦੇ ਆਕਾਰ ਦਾ ਕਥਿਤ ਚੀਨੀ ਜਾਸੂਸੀ ਗੁਬਾਰਾ ਵੇਖਣ ਦਾ ਦਾਅਵਾ ਕੀਤਾ ਹੈ। ਇਸੇ ਦੌਰਾਨ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਪਹਿਲਾਂ ਤੋਂ ਤਜਵੀਜ਼ਤ ਹਫਤੇ ਦੇ ਅਖੀਰ ਵਿੱਚ ਕੀਤਾ ਜਾਣ ਵਾਲਾ ਚੀਨ ਦਾ ਆਪਣਾ ਕੂਟਨੀਤਕ ਦੌਰਾ ਮੁਲਤਵੀ ਕਰ ਦਿੱਤਾ ਹੈ।
ਪੈਂਟਾਗਨ ਦੇ ਤਰਜਮਾਨ ਬ੍ਰਿਗੇਡੀਅਰ ਜਨਰਲ ਪੈਟ ਰਾਈਡਰ ਨੇ ਪੱਤਰਕਾਰਾਂ ਨੂੰ ਦੱਸਿਆ, ”ਅਮਰੀਕੀ ਸਰਕਾਰ ਨੇ ਮੁਲਕ ਦੇ ਹਵਾਈ ਖੇਤਰ ਉੱਤੇ ਜਾਸੂਸੀ ਗੁਬਾਰਾ ਉੱਡਦਾ ਵੇਖਿਆ ਹੈ। ਨੋਰਾਡ (ਨੌਰਥ ਅਮਰੀਕਾ ਐਰੋਸਪੇਸ ਡਿਫੈਂਸ ਕਮਾਂਡ) ਇਸ ਗੁਬਾਰੇ ਦੀ ਲਗਾਤਾਰ ਪੈੜ ਨੱਪ ਰਹੀ ਹੈ ਤੇ ਇਸ ਨੂੰ ਨੇੜਿਓਂ ਵਾਚਿਆ ਜਾ ਰਿਹਾ ਹੈ।” ਵੀਰਵਾਰ ਨੂੰ ਮੋਂਟਾਨਾ ਦੇ ਹਵਾਈ ਖੇਤਰ ‘ਚ ਨਜ਼ਰ ਆਇਆ ਗੁਬਾਰਾ ‘ਤਿੰਨ ਬੱਸਾਂ ਦੇ ਸਾਈਜ਼’ ਦਾ ਹੈ। ਰਾਈਡਰ ਨੇ ਕਿਹਾ ਕਿ ਅਮਰੀਕੀ ਸਰਕਾਰ ਸੰਵੇਦਨਸ਼ੀਲ ਜਾਣਕਾਰੀ ਇਕੱਤਰ ਕੀਤੇ ਜਾਣ ਤੋਂ ਰੋਕਣ ਲਈ ਫੌਰੀ ਹਰਕਤ ਵਿੱਚ ਆ ਗਈ ਹੈ। ਤਰਜਮਾਨ ਨੇ ਕਿਹਾ ਕਿ ਗੁਬਾਰਾ ਕਮਰਸ਼ੀਅਲ ਹਵਾਈ ਟਰੈਫਿਕ ਲਈ ਨਿਰਧਾਰਿਤ ਉਚਾਈ ਤੋਂ ਕਿਤੇ ਉਪਰ ਉੱਡ ਰਿਹਾ ਸੀ ਤੇ ਇਹ ਅਮਰੀਕੀ ਫੌਜਾਂ ਜਾਂ ਜ਼ਮੀਨ ‘ਤੇ ਲੋਕਾਂ ਲਈ ਕੋਈ ਖ਼ਤਰਾ ਨਹੀਂ ਜਾਪ ਰਿਹਾ ਸੀ। ਸੀਨੀਅਰ ਰੱਖਿਆ ਅਧਿਕਾਰੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਇਸ ਪੂਰੀ ਘਟਨਾ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਪੈਂਟਾਗਨ ਵੱਲੋਂ ਹੋਰ ਕਈ ਵਿਕਲਪਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਕ ਰੱਖਿਆ ਅਧਿਕਾਰੀ ਨੇ ਕਿਹਾ, ”ਮੌਜੂਦਾ ਸਮੇਂ ਸਾਡਾ ਇਹ ਮੰਨਣਾ ਹੈ ਕਿ ਖੁਫ਼ੀਆ ਜਾਣਕਾਰੀ ਇਕੱਤਰ ਕੀਤੇ ਜਾਣ ਦੇ ਪਰਿਪੇਖ ਤੋਂ ਇਸ ਗੁਬਾਰੇ ਕੋਲ ਸੀਮਤ ਰਸਾਈ ਹੈ। ਪਰ ਫਿਰ ਵੀ ਅਸੀਂ ਸੰਵੇਦਨਸ਼ੀਲ ਜਾਣਕਾਰੀ ਕਿਸੇ ਦੂਜੇ ਮੁਲਕ ਕੋਲ ਜਾਣ ਤੋਂ ਰੋਕਣ ਲਈ ਕਦਮ ਚੁੱਕ ਰਹੇ ਹਾਂ।” -ਪੀਟੀਆਈ
ਕਿਸੇ ਵੀ ਮੁਲਕ ਦੀ ਹੱਦ ਜਾਂ ਹਵਾਈ ਖੇਤਰ ਉਲੰਘਣ ਦਾ ਕੋਈ ਇਰਾਦਾ ਨਹੀਂ: ਚੀਨ
ਪੇਈਚਿੰਗ: ਅਮਰੀਕੀ ਹਵਾਈ ਖੇਤਰ ਵਿੱਚ ਚੀਨੀ ਜਾਸੂਸੀ ਗੁਬਾਰਾ ਵੇਖੇ ਜਾਣ ਦੀਆਂ ਰਿਪੋਰਟਾਂ ਦਰਮਿਆਨ ਚੀਨ ਨੇ ਅੱਜ ਕਿਹਾ ਕਿ ਉਸ ਨੇ ਇਸ ਪੂਰੇ ਘਟਨਾਕ੍ਰਮ ‘ਤੇ ਨਜ਼ਰ ਬਣਾਈ ਹੋਈ ਹੈ। ਪੇਈਚਿੰਗ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ‘ਉਸ ਦਾ ਕਿਸੇ ਵੀ ਸਿਰਮੌਰ ਮੁਲਕ ਦੀਆਂ ਹੱਦਾਂ ਤੇ ਹਵਾਈ ਖੇਤਰ ਉਲੰਘਣ ਦਾ ਕੋਈ ਇਰਾਦਾ ਨਹੀਂ ਹੈ।” ਵਿਦੇਸ਼ ਮੰਤਰਾਲੇ ਦੇ ਤਰਜਮਾਨ ਮਾਓ ਨਿੰਗ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਅਗਲੇ ਹਫ਼ਤੇ ਲਈ ਤਜਵੀਜ਼ਤ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੀ ਚੀਨ ਫੇਰੀ ਤੈਅ ਸਮੇਂ ਅਨੁਸਾਰ ਅੱਗੇ ਵਧੇਗੀ ਜਾਂ ਨਹੀਂ। ਮਾਓ ਨੇ ਕਿਹਾ ਕਿ ਚੀਨ ਜਿੰਨੀ ਦੇਰ ਜਾਸੂਸੀ ਗੁਬਾਰੇ ਨਾਲ ਜੁੜੀਆਂ ਰਿਪੋਰਟਾਂ ਬਾਰੇ ਤੱਥਾਂ ਨੂੰ ਸਪਸ਼ਟ ਰੂਪ ਵਿੱਚ ਸਮਝ ਨਹੀਂ ਲੈਂਦਾ, ਸਿਆਸਤਦਾਨਾਂ ਤੇ ਆਮ ਲੋਕਾਂ ਨੂੰ ਕਿਸੇ ਵੀ ਨਤੀਜੇ ‘ਤੇ ਪੁੱਜਣ ਤੋਂ ਬਚਣਾ ਚਾਹੀਦਾ ਹੈ। ਮਾਓ ਨੇ ਕਿਹਾ, ”ਚੀਨ ਇਕ ਜ਼ਿੰਮੇਵਾਰ ਮੁਲਕ ਹੈ, ਜਿਸ ਨੇ ਕੌਮਾਂਤਰੀ ਕਾਨੂੰਨਾਂ ਦੀ ਹਮੇਸ਼ਾ ਸਖ਼ਤੀ ਨਾਲ ਪਾਲਣਾ ਕੀਤੀ ਹੈ ਤੇ ਚੀਨ ਦਾ ਕਿਸੇ ਵੀ ਸਿਰਮੌਰ ਮੁਲਕ ਦੀ ਸਰਹੱਦ ਜਾਂ ਹਵਾਈ ਖੇਤਰ ਉਲੰਘਣ ਦਾ ਕੋਈ ਇਰਾਦਾ ਨਹੀਂ ਹੈ। ਅਸੀਂ ਹਾਲਾਤ ਦੀ ਤਸਦੀਕ ਕਰ ਰਹੇ ਹਾਂ ਤੇ ਆਸ ਕਰਦੇ ਹਾਂ ਕਿ ਦੋਵੇਂ ਧਿਰਾਂ ਸ਼ਾਂਤੀਪੂਰਵਕ ਤੇ ਬੜੀ ਚੌਕਸੀ ਨਾਲ ਇਸ ਮਸਲੇ ਨੂੰ ਨਜਿੱਠ ਲੈਣਗੀਆਂ।” -ਪੀਟੀਆਈ