ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਅਕਤੂਬਰ
ਇੱਥੋਂ ਦਾ ਅੱੱਠਵੀਂ ਜਮਾਤ ਦਾ 13 ਸਾਲਾ ਇੱਕ ਬੱਚਾ ਆਪਣੇ ਚਹੇਤੇ ਯੂਟਿਊਬਰ ਨੂੰ ਮਿਲਣ ਲਈ ਮਾਪਿਆਂ ਨੂੰ ਬਿਨਾਂ ਦੱਸੇ ਸਾਈਕਲ ’ਤੇ 250 ਕਿਲੋਮੀਟਰ ਲੰਮਾ ਸਫ਼ਰ ਤੈਅ ਕਰਕੇ ਦਿੱਲੀ ਚਲਾ ਗਿਆ। ਇਸ ਸਬੰਧੀ ਅਗਵਾ ਜਾਂ ਗੁੰਮਸ਼ੁਦਗੀ ਦੇ ਖ਼ਦਸ਼ੇ ਤਹਿਤ ਪਰਿਵਾਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ। ਥਾਣਾ ਅਨਾਜ ਮੰਡੀ ਪਟਿਆਲਾ ਦੀ ਪੁਲੀਸ ਦੇ ਯਤਨਾਂ ਸਦਕਾ ਬੱਚੇ ਨੂੰ ਤੀਜੇ ਦਿਨ ਦਿੱਲੀ ਤੋਂ ਸਹੀ ਸਲਾਮਤ ਲਿਆ ਕੇ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਛੱਤੀਸਗੜ੍ਹ ਦਾ ਮੂਲ ਨਿਵਾਸੀ ਇਹ ਬੱਚਾ ਇੱਥੇ ਨਾਨਕੇ ਘਰ ਰਹਿੰਦਾ ਹੈ। ਚਾਰ ਅਕਤੂਬਰ ਨੂੰ ਭੇਤਭਰੀ ਹਾਲਤ ’ਚ ਉਸ ਦੇ ਲਾਪਤਾ ਹੋਣ ਦੀ ਘਟਨਾ ਨੇ ਪਰਿਵਾਰ ਅਤੇ ਪੁਲੀਸ ਨੂੰ ਚੱਕਰਾਂ ਵਿੱਚ ਪਾ ਦਿੱਤਾ। ਸੂਚਨਾ ਮਿਲਣ ਮਗਰੋਂ ਡੀਐੱਸਪੀ ਸਿਟੀ-2 ਜਸਵਿੰਦਰ ਟਿਵਾਣਾ ਦੀ ਅਗਵਾਈ ਹੇਠ ਥਾਣਾ ਮੁਖੀ ਆਲਮਜੀਤ ਸਿੱਧੂ ਨੇ ਜਦੋਂ ਬੱਚੇ ਦੇ ਨਾਨੇ ਦਾ ਮੋਬਾਈਲ ਚੈੱਕ ਕੀਤਾ ਤਾਂ ਉਨ੍ਹਾਂ ‘ਟਰਿਗਰਡ ਇਨਸਾਨ’ ਦੇ ਨਾਮ ਹੇਠ ਯੂਟਿਊਬ ਚੈਨਲ ਚਲਾਉਂਦੇ ਨਿਸ਼ਚੈ ਮੱਲ੍ਹਣ ਨਾਮ ਦੇ ਲੜਕੇ ਵੱਲੋਂ ਲੰਮਾ ਸਫ਼ਰ ਤੈਅ ਕਰਕੇ ਉਸ ਨੂੰ ਮਿਲਣ ਆਏ ਆਪਣੇ ਇੱਕ ਪ੍ਰਸ਼ੰਸਕ ਸਬੰਧੀ ਸਾਂਝੀ ਕੀਤੀ ਵੀਡੀਓ ਵੇਖੀ। ਬੱਚੇ ਦੇ ਵੀ ਦਿੱਲੀ ਗਏ ਹੋਣ ਦੇ ਖ਼ਦਸ਼ੇ ਤਹਿਤ ਪੁਲੀਸ ਨੇ ਜਦੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਉਹ ਸਾਈਕਲ ’ਤੇ ਕਿਤੇ ਜਾਂਦਾ ਦਿਖਾਈ ਦਿੱਤਾ। ਇਸ ਮਗਰੋਂ ਨਿਸ਼ਚੈ ਦੇ ਘਰ ਭੇਜੀ ਪੁਲੀਸ ਟੀਮ ਨੇ ਦਿੱਲੀ ਪੁਲੀਸ ਦੇ ਸਹਿਯੋਗ ਨਾਲ ਬੱਚੇ ਨੂੰ ਤੀਜੇ ਦਿਨ ਯੂਟਿਊਬਰ ਦੇ ਘਰ ਨੇੜਿਓਂ ਫੜ ਕੇ ਪਰਿਵਾਰ ਨੂੰ ਸੌਂਪ ਦਿੱਤਾ।