ਗੁਰਨਾਮ ਸਿੰਘ ਚੌਹਾਨ/ਸਹਬਿਾਜ਼ ਸਿੰਘ
ਪਾਤੜਾਂ/ਘੱਗਾ, 8 ਅਕਤੂਬਰ
ਪਿੰਡ ਕਲਵਾਨੂੰ ਵਿੱਚ ਖੇਤਾਂ ਵਿੱਚੋਂ ਮਿੱਟੀ ਚੁੱਕਦੇ ਇੱਕ ਕਿਸਾਨ ਵਿਰੁੱਧ ਕਾਰਵਾਈ ਕਰਨ ਲਈ ਪਹੁੰਚੀ ਮਾਈਨਿੰਗ ਵਿਭਾਗ ਦੀ ਟੀਮ ਨੂੰ ਮੌਕੇ ਉੱਤੇ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਕਿਸਾਨਾਂ ਨੇ ਘੇਰ ਲਿਆ। ਟੀਮ ਦੇ ਵਿਰੋਧ ਵਿੱਚ ਇਕੱਤਰ ਹੋਏ ਕਿਸਾਨਾਂ ਨੇ ਖੇਤ ਵਿੱਚ ਹੀ ਧਰਨਾ ਦਿੱਤਾ ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਮੌਕੇ ਉੱਤੇ ਪਹੁੰਚੀ ਪੁਲੀਸ ਨੇ ਕਿਸਾਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਜਥੇਬੰਦੀ ਦੇ ਆਗੂ ਆਪਣੀਆਂ ਮੰਗਾਂ ਉੱਤੇ ਅੜੇ ਰਹੇ। ਉਪਰੰਤ ਦੇਰ ਰਾਤ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਦੇ ਦਬਾਅ ਅੱਗੇ ਝੁਕਦਿਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਜਿਸ ਮਗਰੋਂ ਧਰਨਾ ਚੁੱਕਿਆ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਅਮਰੀਕ ਸਿੰਘ ਨੇ ਦੱਸਿਆ ਕਿ ਪਿੰਡ ਕਲਵਾਣੂੰ ਵਿੱਚ ਸ਼ੁੱਕਰਵਾਰ ਨੂੰ ਮਾਈਨਿੰਗ ਵਿਭਾਗ ਵੱਲੋਂ ਕਿਸਾਨ ਉੱਤੇ ਕਾਰਵਾਈ ਕਰਨ ਲਈ ਰੇਡ ਕੀਤੀ ਗਈ ਸੀ।
ਜਥੇਬੰਦੀ ਨੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਖੇਤ ਵਿੱਚ ਧਰਨਾ ਲਾ ਕੇ ਕਾਰਵਾਈ ਰੋਕਣ ਦੀ ਮੰਗ ਕੀਤੀ ਜਿਸ ’ਤੇ ਦੇਰ ਰਾਤ ਤਿੰਨ ਗੱਲਾਂ ਉਤੇ ਸਮਝੌਤਾ ਹੋਇਆ ਕਿ ਵਿਭਾਗ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ, ਹੋਰ ਥਾਵਾਂ ’ਤੇ ਕਿਸਾਨਾਂ ਖਿਲਾਫ਼ ਕੇਸ ਦਰਜ ਕਰ ਕੇ ਕੀਤੇ ਜੁਰਮਾਨੇ ਸਬੰਧੀ ਕੇਸਾਂ ਨੂੰ ਰੱਦ ਕੀਤਾ ਜਾਵੇਗਾ ਅਤੇ ਜੇਕਰ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚੋਂ ਚੁੱਕੀ ਗਈ ਮਿੱਟੀ ਹੇਠੋਂ ਰੇਤ ਨਿਕਲਦੀ ਹੈ ਤਾਂ ਫਿਰ ਵਿਭਾਗ ਉਸ ਖਿਲਾਫ਼ ਕਾਰਵਾਈ ਕਰ ਸਕਦਾ ਹੈ। ਇਸ ਮੌਕੇ ਇਕਾਈ ਪ੍ਰਧਾਨ ਬਲਕਾਰ ਸਿੰਘ, ਮੀਤ ਪ੍ਰਧਾਨ ਅਮਰੀਕ ਸਿੰਘ ਢਿੱਲੋਂ, ਯਾਦਵਿੰਦਰ ਸਿੰਘ ਬੁੂਰੜ, ਖਜ਼ਾਨਚੀ ਬਲਜਿੰਦਰ ਸਿੰਘ, ਲਾਭ ਸਿੰਘ ਬਰਾਸ, ਕਾਲਾ ਬੁਟਾ ਸਿੰਘ ਵਾਲਾ ਤੇ ਗਾਂਧੀ ਚੁਪਕੀ ਆਦਿ ਹਾਜ਼ਰ ਸਨ। ਮਾਈਨਿੰਗ ਵਿਭਾਗ ਦੇ ਅਧਿਕਾਰੀ ਗੁਲਸ਼ਨ ਠੁਕਰਾਲ ਨੇ ਕਿਹਾ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਸੀ ਜਿਸ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ ਸੀ।
ਸਮਝੌਤੇ ਬਾਅਦ ਕੋਈ ਕਾਰਵਾਈ ਨਹੀਂ ਕੀਤੀ: ਐੱਸਐੱਚਓ
ਥਾਣਾ ਘੱਗਾ ਦੇ ਇੰਚਾਰਜ ਪ੍ਰਸ਼ੋਤਮ ਸ਼ਰਮਾ ਨੇ ਦੱਸਿਆ ਕਿ ਪਿੰਡ ਕਲਵਾਣੂ ਦਾ ਕਿਸਾਨ ਆਪਣੇ ਖੇਤਾਂ ਵਿੱਚੋਂ ਢਾਈ ਢਾਈ ਫੁੱਟ ਮਿੱਟੀ ਚੁੱਕ ਕੇ ਆਪਣੇ ਹੀ ਖੇਤਾਂ ਵਿੱਚ ਪਾ ਰਿਹਾ ਸੀ। ਪਿੰਡ ਦੇ ਹੀ ਕਿਸੇ ਵਿਅਕਤੀ ਵੱਲੋਂ ਮਾਈਨਿੰਗ ਵਿਭਾਗ ਕੋਲ ਕਿਸਾਨ ਦੇ ਖਿਲਾਫ਼ ਸ਼ਿਕਾਇਤ ਕੀਤੀ ਗਈ ਸੀ ਜਿਸ ਦੇ ਆਧਾਰ ’ਤੇ ਟੀਮ ਨੂੰ ਮੌਕੇ ਉੱਤੇ ਪਹੁੰਚਣਾ ਪਿਆ। ਉਨ੍ਹਾਂ ਦੱਸਿਆ ਕਿ ਕਿਸਾਨ ਖ਼ਿਲਾਫ਼ ਕਾਰਵਾਈ ਕੀਤੇ ਜਾਣ ਤੋਂ ਪਹਿਲਾਂ ਹੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਧਰਨਾ ਦੇ ਕੇ ਟੀਮ ਨੂੰ ਘੇਰ ਲਿਆ ਸੀ। ਇਸੇ ਦੌਰਾਨ ਮਾਈਨਿੰਗ ਵਿਭਾਗ ਦੀ ਟੀਮ ਤੇ ਕਿਸਾਨ ਯੂਨੀਅਨ ਦੇ ਦਰਮਿਆਨ ਦੇਰ ਰਾਤ ਹੋਏ ਸਮਝੌਤੇ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।