ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਇਲਾਕੇ ਢੋਕਾਂ ਮੁਹੱਲਾ ਵਿੱਚ ਇਕ ਵਿਅਕਤੀ ਦੀ ਲੜਾਈ ਝਗੜੇ ਦੌਰਾਨ ਕੋਠੇ ਤੋਂ ਡਿੱਗ ਕੇ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਕਿਰਪਾਲ ਨਗਰ ਵਾਸੀ ਸਤਿੰਦਰ ਪੁੱਤਰ ਮੁਰਾਰੀ ਨੇ ਦੱਸਿਆ ਹੈ ਕਿ ਉਸ ਦਾ ਭਰਾ ਸੁਦਾਮਾ (47) ਵਿਪਨ ਦੇ ਘਰ ਢੌਕਾਂ ਮੁਹੱਲਾ ਵਿੱਚ ਕਿਰਾਏ ’ਤੇ ਰਹਿੰਦਾ ਹੈ। ਰਾਤ ਨੂੰ ਸ਼ਰਾਬ ਪੀ ਕੇ ਦੋਹਾਂ ਵਿੱਚ ਕਮਰੇ ਅੰਦਰ ਸੌਣ ਦੇ ਮਸਲੇ ’ਤੇ ਝਗੜਾ ਹੋ ਗਿਆ। ਇਸ ਦੌਰਾਨ ਹੱਥੋਪਾਈ ਵਿੱਚ ਸੁਦਾਮਾ ਪਹਿਲੀ ਮੰਜ਼ਿਲ ਤੋਂ ਹੇਠਾਂ ਡਿੱਗ ਪਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਂਚ ਅਧਿਕਾਰੀ ਜਗਦੀਸ਼ ਰਾਜ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੀਤੀ ਤਫਤੀਸ਼ ਦੌਰਾਨ ਵਿਪਨ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ