ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 14 ਮਾਰਚ
ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ’ਚ 16 ਮਾਰਚ ਨੂੰ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਹੋਣ ਵਾਲੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਮੁੰਡੇ-ਕੁੜੀਆਂ ਬਸੰਤੀ ਰੰਗ ਦੀਆਂ ਪੱਗਾਂ ਤੇ ਚੁੰਨੀਆਂ ਖਰੀਦ ਰਹੇ ਹਨ। ਮਨੋਨੀਤ ਮੁੱਖ ਮੰਤਰੀ ਵੱਲੋਂ ਬਸੰਤੀ ਰੰਗ ਦੇ ਕੱਪੜੇ ਸਿਰ ’ਤੇ ਲੈ ਕੇ ਆਉਣ ਦਾ ਸੱਦਾ ਦੇਣ ਮਗਰੋਂ ਦੁਕਾਨਾਂ ’ਤੇ ਇਸ ਰੰਗ ਦੀਆਂ ਪੱਗਾਂ ਅਤੇ ਚੁੰਨੀਆਂ ਦੀ ਮੰਗ ਵਧ ਗਈ ਹੈ।
ਨੌਜਵਾਨਾਂ ਵਿੱਚ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਲਈ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ’ਚ ਇੱਕ ਕੱਪੜਿਆਂ ਦੀ ਦੁਕਾਨ ’ਤੇ ਬੈਠੇ ਨੌਜਵਾਨਾਂ ਨੇ ਦੱਸਿਆ ਕਿ ਉਹ ਪਿੰਡੋਂ ਖਾਸ ਤੌਰ ’ਤੇ ਅੱਜ ਬਸੰਤੀ ਰੰਗ ਦੀਆਂ ਪੱਗਾਂ ਲੈਣ ਆਏ ਹਨ ਤੇ ਉਨ੍ਹਾਂ ਦੇ ਹੋਰ ਕਈ ਸਾਥੀਆਂ ਨੇ ਉਨ੍ਹਾਂ ਨੂੰ ਪੱਗਾਂ ਦੇ ਪੈਸੇ ਫੜਾਏ ਹਨ।
ਇਸੇ ਤਰ੍ਹਾਂ ਇੱਕ ਦੁਕਾਨ ’ਤੇ ਚੁੰਨੀਆਂ ਖਰੀਦ ਰਹੀਆਂ ਮੁਟਿਆਰਾਂ ਗੀਤਾ ਤੇ ਪਿੰਕੀ ਨੇ ਦੱਸਿਆ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਭਗਵੰਤ ਮਾਨ ਪੰਜਾਬ ਦੀ ਨੁਹਾਰ ਜ਼ਰੂਰ ਬਦਲਣਗੇ।