ਮੁਕੇਸ਼ ਕੁਮਾਰ
ਚੰਡੀਗੜ੍ਹ, 14 ਮਾਰਚ
ਚੰਡੀਗੜ੍ਹ ਸ਼ਹਿਰ ਦੇ ਮੇਅਰ ਸਰਬਜੀਤ ਕੌਰ ਨੇ ਅੱਜ ਇੱਥੇ ਪਿੰਡ ਹੱਲੋਮਾਜਰਾ ਵਿੱਚ ਜਾਰੀ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ। ਆਪਣੇ ਇਸ ਦੌਰੇ ਦੌਰਾਨ ਪਿੰਡ ਵਿੱਚ ਮਾੜੀ ਸਫਾਈ ਵਿਵਸਥਾ, ਸੀਵਰੇਜ ਦੀ ਹਾਲਤ, ਸੜਕਾਂ ਅਤੇ ਗਲੀਆਂ ਦੀ ਖ਼ਸਤਾ ਹਾਲਤ ਦੇਖ ਕੇ ਅਤੇ ਇੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਮੇਅਰ ਦੰਗ ਰਹਿ ਗਈ। ਉੱਧਰ, ਚੰਡੀਗੜ੍ਹ ਸ਼ਹਿਰ ਦੀ ਸਵੱਛਤਾ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਨਗਰ ਨਿਗਮ ਨੇ ਮੇਅਰ ਦੇ ਦੌਰੇ ਤੋਂ ਐਨ ਪਹਿਲਾਂ ਪਿੰਡ ਦੇ ਖਾਲੀ ਮੈਦਾਨਾਂ ਵਿਚ ਪਏ ਕੂੜੇ ਦੇ ਵੱਡੇ ਢੇਰਾਂ ਨੂੰ ਚੁਕਵਾ ਦਿੱਤਾ। ਇਹ ਕੂੜਾ ਤਿੰਨ ਦਰਜਨ ਤੋਂ ਵੱਧ ਟਰਾਲੀਆਂ ਰਾਹੀਂ ਉਠਵਾਇਆ ਗਿਆ। ਮੇਅਰ ਸਰਬਜੀਤ ਕੌਰ ਅੱਜ ਸਿਹਤ ਵਿਭਾਗ ਦੀ ਟੀਮ ਨਾਲ ਪਿੰਡ ਹੱਲੋਮਾਜਰਾ ਦਾ ਦੌਰਾ ਕਰਨ ਲਈ ਪੁੱਜੀ। ਮੇਅਰ ਦੇ ਦੌਰੇ ਤੋਂ ਪਹਿਲਾਂ ਹੀ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਨੇ ਹੱਲੋਮਾਜਰਾ ਦੇ ਖਾਲੀ ਮੈਦਾਨ ਵਿਚ ਪਏ ਕੂੜੇ ਦੇ ਢੇਰਾਂ ਨੂੰ ਚੁਕਵਾ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਕਰੀਬ 6 ਵਜੇ ਹੀ ਨਿਗਮ ਦੇ ਸਫਾਈ ਕਰਮਚਾਰੀ ਇਸ ਕੰਮ ’ਤੇ ਲੱਗ ਗਏ ਸਨ। ਨਿਗਮ ਵੱਲੋਂ ਮੇਅਰ ਦੇ ਦੌਰੇ ਤੋਂ ਪਹਿਲਾਂ ਹੱਲੋਮਾਜਰਾ ਨੂੰ ਚਮਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਫਿਰ ਵੀ ਪਿੰਡ ਦੀਆਂ ਗਲੀਆਂ ਦੀ ਖ਼ਸਤਾ ਹਾਲਤ ਅਤੇ ਹੋਰ ਘਾਟਾਂ ਨੇ ਨਿਗਮ ਦੀ ਕਾਰਜਪ੍ਰਣਾਲੀ ਦੀ ਪੋਲ ਖੋਲ੍ਹ ਦਿੱਤੀ।
ਮੇਅਰ ਨੇ ਪਿੰਡ ਦੇ ਸਰਕਾਰੀ ਸਕੂਲਾਂ ਸਣੇ ਪਿੰਡ ਦੀ ਡਿਸਪੈਂਸਰੀ, ਘਰਾਂ ਦੇ ਬਾਹਰ ਬਣੀਆਂ ਸੜਕਾਂ ਆਦਿ ਦਾ ਨਿਰੀਖਣ ਕੀਤਾ। ਇਸ ਦੌਰਾਨ ਗੰਦਗੀ ਭਰੇ ਮਾਹੌਲ ਵਿੱਚ ਰਹਿ ਰਹੇ ਇਲਾਕਾ ਵਾਸੀਆਂ ਨੇ ਆਪਣੀਆਂ ਸਮੱਸਿਆਵਾਂ ਮੇਅਰ ਨਾਲ ਸਾਂਝੀਆਂ ਕੀਤੀਆਂ। ਵਾਰਡ ਕੌਂਸਲਰ ਗੁਰਚਰਨਜੀਤ ਸਿੰਘ ਕਾਲਾ ਨੇ ਮੇਅਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ, ਜਿਸ ਰਾਹੀਂ ਪਿੰਡ ਵਿਚ ਕਮਿਊਨਿਟੀ ਸੈਂਟਰ ਬਣਾਉਣ ਦੀ ਮੰਗ ਕੀਤੀ ਗਈ ਅਤੇ ਇਲਾਕੇ ਦੀਆਂ ਹੋਰ ਸਮੱਸਿਆਵਾਂ ਦਾ ਜ਼ਿਕਰ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਦੀਆਂ ਕਈ ਗਲੀਆਂ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਮੇਅਰ ਨੂੰ ਉੱਥੇ ਲਿਜਾਂਦਾ ਨਹੀਂ ਗਿਆ।
ਪਿੰਡ ਦੀਆ ਔਰਤਾਂ ਨੇ ਮੇਅਰ ਨੂੰ ਇਲਾਕੇ ਵਿੱਚ ਸਫਾਈ ਦੀ ਮਾੜੀ ਵਿਵਸਥਾ ਦੀ ਸ਼ਿਕਾਇਤ ਕਰਦਿਆਂ ਪਿੰਡ ਵਿੱਚ ਸਾਫ਼ ਪਾਣੀ ਦੀ ਸਪਲਾਈ ਦੇ ਪ੍ਰਬੰਧ ਕਰਨ ਦੀ ਮੰਗ ਕੀਤੀ। ਲੋਕਾਂ ਨੇ ਸੀਵਰੇਜ ਅਤੇ ਡਰੇਨੇਜ ਪਾਈਪ ਲਾਈਨ ਦੀ ਸਮੇਂ-ਸਮੇਂ ’ਤੇ ਸਫਾਈ ਕਰਵਾਉਣ ਤੇ ਪਿੰਡ ’ਚ ਦਾਖਲੇ ਵਾਲੇ ਰਸਤੇ ਨੂੰ ਚੌੜਾ ਕਰਨ ਦੀ ਮੰਗ ਵੀ ਕੀਤੀ। ਮੇਅਰ ਨੇ ਪਿੰਡ ਵਾਸੀਆਂ ਨੂੰ ਸਾਰੀਆਂ ਸਮੱਸਿਆਵਾਂ ਛੇਤੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੱਧਰ ਉੱਤੇ ਵੀ ਆਪਣੇ ਆਲੇ-ਦੁਆਲੇ ਸਫਾਈ ਰੱਖਣ।