ਨਵੀਂ ਦਿੱਲੀ, 15 ਅਕਤੂਬਰ
ਕਾਂਗਰਸ ਨੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਵੱਲੋਂ ਏਮਸ ’ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਮਿਲਣ ਜਾਣ ਸਮੇਂ ਆਪਣੇ ਨਾਲ ਫੋਟੋਗ੍ਰਾਫ਼ਰ ਨੂੰ ਲਿਜਾਣ ’ਤੇ ਉਨ੍ਹਾਂ ਦੀ ਆਲੋਚਨਾ ਕੀਤੀ। ਪਾਰਟੀ ਨੇ ਸਿਹਤ ਮੰਤਰੀ ਨੂੰ ਇਸ ਮਾਮਲੇ ’ਚ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ। ਕਾਂਗਰਸ ਵੱਲੋਂ ਸਿਹਤ ਮੰਤਰੀ ਦੀ ਆਲੋਚਨਾ ਉਸ ਸਮੇਂ ਕੀਤੀ ਗਈ ਜਦੋਂ ਸਾਬਕਾ ਪ੍ਰਧਾਨ ਮੰਤਰੀ ਦੀ ਧੀ ਦਮਨ ਸਿੰਘ ਨੇ ਦੋਸ਼ ਲਾਇਆ ਕਿ ਉਹ (ਮਾਂਡਵੀਆ) ਪਰਿਵਾਰ ਦੀ ਮਰਜ਼ੀ ਖ਼ਿਲਾਫ਼ ਫੋਟੋਗ੍ਰਾਫ਼ਰ ਨੂੰ ਨਾਲ ਲੈ ਆਏ।
ਦਮਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਬਹੁਤ ਪ੍ਰੇਸ਼ਾਨ ਹੈ ਕਿਉਂਕਿ ਇੱਕ ਫੋਟੋਗ੍ਰਾਫ਼ਰ ਮੰਤਰੀ ਨਾਲ ਉਨ੍ਹਾਂ ਦੇ ਕਮਰੇ ’ਚ ਦਾਖਲ ਹੋਇਆ। ਜਦੋਂ ਉਨ੍ਹਾਂ ਫੋਟੋਗ੍ਰਾਫ਼ਰ ਨੂੰ ਬਾਹਰ ਭੇਜਣ ਲਈ ਕਿਹਾ ਤਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ ਗਿਆ। ਦਮਨ ਸਿੰਘ ਨੇ ਕਿਹਾ, ‘ਮੇਰੀ ਮਾਂ ਬਹੁਤ ਪ੍ਰੇਸ਼ਾਨ ਸੀ। ਮੇਰੇ ਮਾਤਾ-ਪਿਤਾ ਮੁਸ਼ਕਿਲ ਹਾਲਾਤ ’ਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਬਜ਼ੁਰਗ ਹਨ। ਉਹ ਕੋਈ ਚਿੜੀਆਘਰ ’ਚ ਮੌਜੂਦ ਜਾਨਵਰ ਨਹੀਂ ਹਨ।’ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, ‘ਭਾਜਪਾਈਆਂ ਲਈ ਹਰ ਚੀਜ਼ ‘ਫੋਟੋ ਔਪ’ ਹੈ। ਸ਼ਰਮ ਆਉਣੀ ਚਾਹੀਦੀ ਹੈ ਦੇਸ਼ ਦੇ ਸਿਹਤ ਮੰਤਰੀ ਨੂੰ ਜਿਨ੍ਹਾਂ ਏਮਸ ’ਚ ਭਰਤੀ ਪਿਤਾ ਸਮਾਨ ਸਾਬਕਾ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਨੂੰ ਪੀ.ਆਰ. ਸਟੰਟ ਬਣਾਇਆ। ਇਹ ਨਿੱਜਤਾ ਦੀ ਉਲੰਘਣਾ ਹੈ, ਰਵਾਇਤਾਂ ਦਾ ਅਪਮਾਨ ਹੈ। -ਪੀਟੀਆਈ