ਬਿਜਨੌਰ: ਉਤਰ ਪ੍ਰਦੇਸ਼ ਦੇ ਇੱਕ ਪਿੰਡ ਵਿੱਚ ਬੀਤੀ ਰਾਤ ਕਾਰ ਛੱਪੜ ਵਿੱਚ ਡਿੱਗਣ ਕਾਰਨ ਚਾਰ ਵਿਅਕਤੀ ਡੁੱਬ ਗਏ, ਜਦੋਂਕਿ ਤਿੰਨ ਨੂੰ ਬਚਾਅ ਲਿਆ ਗਿਆ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਮ੍ਰਿਤਕਾਂ ਦੀ ਪਛਾਣ ਅਕਸ਼ੈ (20), ਰਜਤ (20), ਪ੍ਰਤਾਪ (22) ਅਤੇ ਵਿਸ਼ਾਲ (21) ਵਜੋਂ ਹੋਈ ਹੈ। ਇਹ ਸੱਤ ਜਣੇ ਬੀਤੀ ਰਾਤ ਵਿਆਹ ਸਮਾਗਮ ਤੋਂ ਪਰਤ ਰਹੇ ਸਨ ਪਰ ਰਸਤਾ ਭੁੱਲ ਗਏ। ਉਨ੍ਹਾਂ ਦੀ ਕਾਰ ਅਲੀਪੁਰ ਮਾਨ (ਖੇੜਾ) ਪਿੰਡ ਦੇ ਛੱਪੜ ਵਿੱਚ ਡਿੱਗ ਗਈ। ਬਿਜਨੌਰ ਦੇ ਐੱਸਪੀ ਧਰਮਵੀਰ ਸਿੰਘ ਨੇ ਦੱਸਿਆ ਕਿ ਬਾਕੀ ਤਿੰਨ ਜਣਿਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਡਰਾਈਵਰ ਦੀ ਹਾਲਤ ਗੰਭੀਰ ਬਣੀ ਹੋਈ ਹੈ। -ਪੀਟੀਆਈ