ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 15 ਅਕਤੂਬਰ
ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਪਤਨੀ ਮਮਤਾ ਆਸ਼ੂ ਵੱਲੋਂ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਵੱਲੋਂ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਉਠਾਏ ਸਵਾਲਾਂ ਉਪਰ ਕੀਤੀ ਟਿੱਪਣੀ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਹੈ ਕਿ ਮਮਤਾ ਆਸ਼ੂ ਨੂੰ ਗਰੇਵਾਲ ਦੇ ਲਗਾਏ ਦੋਸ਼ਾਂ ’ਤੇ ਬਹੁਤ ਗੁੱਸਾ ਲੱਗਾ ਹੈ, ਜਿਸ ਤੋਂ ਸ਼ੱਕ ਪੈਂਦਾ ਹੈ ਕਿ ਉਹ ਖੁਦ ਇਸ ਘਪਲੇਬਾਜ਼ੀ ਦਾ ਹਿੱਸਾ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਮਹੇਸ਼ਇੰਦਰ ਸਿੰਘ ਗਰੇਵਾਲ ਵੱਲੋਂ ਨਗਰ ਨਿਗਮ ਦੀ ਮਿਲੀਭੁਗਤ ਨਾਲ ਚਲ ਰਹੇ ਇਸ਼ਤਿਹਾਰਬਾਜ਼ੀ ਘੋਟਾਲੇ ਦਾ ਪਰਦਾਫਾਸ਼ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮਮਤਾ ਆਸ਼ੂ ਨੇ ਗਰੇਵਾਲ ਸਾਹਿਬ ਨੂੰ ਔਰਤਾਂ ਬਾਰੇ ਗ਼ਲਤ ਬੋਲਣ ਦਾ ਦੋਸ਼ ਲਗਾਇਆ ਹੈ ਪਰ ਮਮਤਾ ਆਸ਼ੂ ਨੂੰ ਯਾਦ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਪਤੀ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਇਕ ਸਕੂਲ ਦੇ ਚੱਲ ਰਹੇ ਫੰਕਸ਼ਨ ਦੌਰਾਨ ਮਹਿਲਾ ਜ਼ਿਲ੍ਹਾ ਸਿੱਖਿਆ ਅਫਸਰ ਦੀ ਜਨਤਕ ਤੌਰ ’ਤੇ ਬੇਇੱਜ਼ਤੀ ਕੀਤੀ ਸੀ। ਉਸ ਸਮੇਂ ਮਮਤਾ ਆਸ਼ੂ ਵੀ ਮੌਕੇ ’ਤੇ ਮੌਜੂਦ ਸਨ ਪਰ ਉਦੋਂ ਉਨ੍ਹਾਂ ਬੋਲਣ ਦੀ ਹਿੰਮਤ ਨਹੀਂ ਕੀਤੀ। ਹੁਣ ਉਹੀ ਮਮਤਾ ਆਸ਼ੂ ਦੂਜਿਆਂ ਨੂੰ ਨਸੀਹਤ ਦੇ ਰਹੇ ਨੇ ਕਿ ਔਰਤਾਂ ਨੂੰ ਕਿਵੇਂ ਬੋਲੀ ਦਾ ਹੈ।
ਗੋਸ਼ਾ ਨੇ ਕਿਹਾ ਕਿ ਮਮਤਾ ਆਸ਼ੂ ਨੂੰ ਚਾਹੀਦਾ ਹੈ ਕਿ ਉਹ ਦੂਜਿਆਂ ਨੂੰ ਸਬਕ ਸਿਖਾਉਣ ਤੋਂ ਪਹਿਲਾਂ ਆਪਣੇ ਘਰ ਤੋਂ ਸ਼ੁਰੂਆਤ ਕਰਨ।