ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਅਕਤੂਬਰ
ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਨੇ ਦੋ ਵਿਅਕਤੀਆਂ ਨੂੰ 2,625 ਕਿਲੋ ਗੈਰ-ਕਾਨੂੰਨੀ ਆਤਿਸ਼ਬਾਜ਼ੀ ਸਣੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੀ ਪਛਾਣ ਮੁਕੁਲ ਜੈਨ (24) ਤੇ ਉਸ ਦੇ ਭਤੀਜੇ ਤੁਸ਼ਾਰ ਜੈਨ (19) ਵਜੋਂ ਹੋਈ ਹੈ। ਦੋਵਾਂ ਨੂੰ ਮੰਡੋਲੀ ਉਦਯੋਗਿਕ ਖੇਤਰ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਆਤਿਸ਼ਬਾਜ਼ੀ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਦਿੱਲੀ-ਐਨਸੀਆਰ ਵਿੱਚ ਵੇਚੇ ਜਾਣੇ ਸਨ। ਪੁਲੀਸ ਨੇ ਮੰਡੋਲੀ ਇੰਡਸਟਰੀਅਲ ਏਰੀਆ, ਫੇਜ਼-2, ਦਿੱਲੀ ਵਿੱਚ ਛਾਪੇ ਮਾਰੇ, ਜਿੱਥੇ ਇੱਕ ਟਰੱਕ ਤੋਂ ਗੈਰ-ਕਾਨੂੰਨੀ ਪਟਾਕਿਆਂ ਦੇ ਡੱਬੇ ਮਿਲੇ। ਮੌਕੇ ਤੋਂ 2,625 ਕਿਲੋਗ੍ਰਾਮ ਪਟਾਕਿਆਂ ਵਾਲੇ ਕੁੱਲ 145 ਡੱਬੇ ਬਰਾਮਦ ਕੀਤੇ ਗਏ। ਪੁਲੀਸ ਦੇ ਵਿਸ਼ੇਸ਼ ਕਮਿਸ਼ਨਰ (ਅਪਰਾਧ) ਰਵਿੰਦਰ ਸਿੰਘ ਯਾਦਵ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਗੋਦਾਮ ਮੁਕੁਲ ਜੈਨ ਦਾ ਹੈ। ਸ਼ਾਹਦਰਾ ਦਾ ਰਹਿਣ ਵਾਲਾ ਮੁਕੁਲ 2018 ਤੋਂ ਪਟਾਕਿਆਂ ਦੀ ਵਿਕਰੀ ਤੇ ਖਰੀਦਦਾਰੀ ਦਾ ਕਾਰੋਬਾਰ ਕਰਦਾ ਹੈ। ਤੁਸ਼ਾਰ 12,000 ਪ੍ਰਤੀ ਮਹੀਨਾ ਤਨਖਾਹ ’ਤੇ ਨੌਕਰੀ ਕਰਦਾ ਹੈ। ਅਧਿਕਾਰੀ ਨੇ ਦੱਸਿਆ ਕਿ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਵੱਲੋਂ ਪਹਿਲੀ ਜਨਵਰੀ ਤੱਕ ਦਿੱਲੀ ਵਿੱਚ ਹਰ ਤਰ੍ਹਾਂ ਦੇ ਪਟਾਕਿਆਂ ਦੇ ਉਤਪਾਦਨ, ਸਟੋਰੇਜ, ਵੇਚਣ, ਆਨਲਾਈਨ ਮਾਰਕੀਟਿੰਗ ਪਲੇਟਫਾਰਮਾਂ ਰਾਹੀਂ ਡਿਲੀਵਰੀ ਕਰਨ ਅਤੇ ਫੂਕਣ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਹੋਈ ਹੈ। ਪਟਾਕੇ ਫਿਰ ਵੀ ਵੇਚੇ ਜਾ ਰਹੇ ਹੋਣ ਦੀਆਂ ਸੂਹਾਂ ਕਰਕੇ ਪੁਲੀਸ ਵੱਲੋਂ ਇਹ ਗਿਰਫ਼ਤਾਰੀਆਂ ਕੀਤੀਆਂ ਗਈਆਂ। ਪੁੱਛਗਿੱਛ ਦੌਰਾਨ ਦੋਵਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਕਰਨਾਲ (ਹਰਿਆਣਾ) ਤੇ ਸੰਗਰੂਰ (ਪੰਜਾਬ) ਦੇ ਡਿਸਟ੍ਰੀਬਿਊਟਰਾਂ ਤੋਂ ਪਟਾਕੇ ਖ਼ਰੀਦੇ ਸਨ ਜਿਨ੍ਹਾਂ ਦੇ ਆਪਣੇ-ਆਪਣੇ ਗੋਦਾਮ ਹਨ। ਡਿਸਟ੍ਰੀਬਿਊਟਰਾਂ ਨੇ ਸ਼ਿਵਕਾਸ਼ੀ, ਤਾਮਿਲਨਾਡੂ ਵਿਖੇ ਸਥਿਤ ਫੈਕਟਰੀਆਂ ਤੋਂ ਪਟਾਕੇ ਖ਼ਰੀਦੇ ਸਨ।