ਖੇਤਰੀ ਪ੍ਰਤੀਨਿਧ
ਬਰਨਾਲਾ, 10 ਅਕਤੂਬਰ
ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ’ਤੇ ਅੱਜ ਬਰਨਾਲਾ ਡਿਵੀਜ਼ਨਾਂ ਦੇ ਸਮੂਹ ਬਿਜਲੀ ਮੁਲਾਜ਼ਮਾਂ ਨੇ ਮੰਗਾਂ ਦੀ ਪੂਰਤੀ ਹਿਤ ਇੱਥੇ ਮੁੱਖ ਦਫ਼ਤਰ ਵਿਖੇ ਸਰਕਾਰ ਤੇ ਮੈਨੇਜਮੈਂਟ ਖਿਲਾਫ਼ ਰੋਸ ਰੈਲੀ ਕੀਤੀ। ਇਸ ਮੌਕੇ ਆਗੂ ਮਹਿੰਦਰ ਸਿੰਘ ਰੂੜੇਕੇ, ਹਰਬੰਸ ਸਿੰਘ ਦਿਦਾਰਗੜ੍ਹ, ਇੰਜ. ਗੁਰਲਾਭ ਸਿੰਘ ਮੌੜ, ਹਰਭੋਲ ਸਿੰਘ, ਜਸਪਾਲ ਸਿੰਘ ਆਦਿ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਬਕਾਇਆ ਛੇਵੇਂ ਤਨਖਾਹ ਕਮਿਸ਼ਨ ਦਾ ਏਰੀਅਰ ਨਾ ਰਿਲੀਜ਼, ਡੀਏ ’ਚ ਵਾਧਾ ਨਾ ਕਰਨ ਤੇ ਮੈਨੇਜਮੈਂਟ ਵੱਲੋਂ ਮੰਨੀਆਂ ਮੰਗਾਂ ਨਾ ਲਾਗੂ ਕੀਤੇ ਜਾਣ ਕਰਕੇ ਮੁਲਾਜ਼ਮਾਂ ਅੰਦਰ ਰੋਸ ਹੈ। ਆਗੂਆਂ ਕਿਹਾ ਕਿ ਲਾਈਨਮੈਨਾਂ ਦੀ ਨਵੀਂ ਭਰਤੀ ਤੇ ਸਹਾਇਕ ਲਾਇਨਮੈਨਾਂ ਦੀ ਰੋਕੀ ਤਰੱਕੀ ਫੌਰੀ ਨਾ ਖੋਲ੍ਹਣ, ਡੀਏ ਦੀ ਕਿਸ਼ਤ ਦੀਵਾਲੀ ਤੋਂ ਪਹਿਲਾਂ ਨਾ ਜਾਰੀ ਨਾ ਕਰਨ ਅਤੇ ਲਟਕਦੇ ਮਸਲੇ ਹੱਲ ਨਾ ਕੀਤੇ ਜਾਣ ’ਤੇ 18 ਅਕਤੂਬਰ ਨੂੰ ਪਟਿਆਲਾ ਮੁੱਖ ਦਫ਼ਤਰ ਦੇ ਤਿੰਨੋਂ ਗੇਟ ਘੇਰੇ ਜਾਣਗੇ। ਆਗੂਆਂ ਪੁਰਾਣੀ ਪੈਨਸ਼ਨ ਸਕੀਮ ਬਹਾਲੀ, ਕੱਟਿਆ ਪੇਂਡੂ ਭੱਤਾ ਬਹਾਲੀ ਤੇ ਨਵੀਂ ਭਰਤੀ ਦੀ ਵੀ ਮੰਗ ਕੀਤੀ।
ਫੈਡਰੇਸ਼ਨ ਵੱਲੋਂ ਮੰਗਾਂ ਦੇ ਹੱਕ ਵਿੱਚ ਥਰਮਲ ਪਲਾਂਟ ਅੱਗੇ ਧਰਨਾ
ਭੁੱਚੋ ਮੰਡੀ (ਪੱਤਰ ਪ੍ਰੇਰਕ): ਐਂਪਲਾਈਜ਼ ਫੈਡਰੇਸ਼ਨ (ਚਾਹਲ) ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਨੇ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ’ਤੇ ਮੰਗਾਂ ਦੀ ਪੂਰਤੀ ਲਈ ਥਰਮਲ ਦੇ ਮੁੱਖ ਗੇਟ ਅੱਗੇ ਰੋਸ ਰੈਲੀ ਕੀਤੀ ਅਤੇ ਸਰਕਾਰ ਅਤੇ ਪਾਵਰਕੌਮ ਦੇ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਥਰਮਲ ਯੂਨਿਟ ਦੇ ਪ੍ਰਧਾਨ ਤੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਆਗੂ ਬਲਜੀਤ ਸਿੰਘ ਬਰਾੜ ਬੋਦੀ ਵਾਲਾ, ਆਗੂ ਰਜਿੰਦਰ ਸਿੰਘ, ਲਖਵੰਤ ਸਿੰਘ ਬਾਂਡੀ, ਰਘਬੀਰ ਸਿੰਘ ਸੈਣੀ ਨੇ ਸਰਕਾਰ ਅਤੇ ਪ੍ਰਬੰਧਕਾਂ ਤੋਂ ਮੰਗ ਕੀਤੀ ਕਿ ਡੀਏ ਦੀ ਕਿਸ਼ਤਾਂ ਦਾ ਬਕਾਇਆ ਦਿੱਤਾ ਜਾਵੇ। ਉਨ੍ਹਾਂ ਮੁਲਾਜ਼ਮਾਂ ਨੂੰ 18 ਅਕਤੂਬਰ ਨੂੰ ਪਟਿਆਲਾ ਵਿੱਚ ਸੂਬਾ ਪੱਧਰੀ ਰੋਸ ਧਰਨੇ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ।